Saturday, 30 December 2017

31 ਦਸੰਬਰ ਦੀ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ

ਜਲੰਧਰ 30 ਦਸੰਬਰ - ਕਾਲੇ ਕਾਨੂੰਨਾਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਦੇ ਸੱਦੇ 'ਤੇ ਕੀਤੀ ਜਾਣ ਵਾਲੀ 31 ਦਸੰਬਰ ਦੀ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਜਨਤਾ ਵਿਚ ਪੰਜਾਬ ਸਰਕਾਰ ਖਿਲਾਫ ਲਗਾਤਾਰ ਰੋਹ ਵੱਧਦਾ ਨਜ਼ਰ ਆ ਰਿਹਾ ਹੈ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਾਂਝੇ ਫਰੰਟ ਦੇ ਸੱਦੇ 'ਤੇ 5 ਦਰਜਨ ਤੋਂ ਵੀ ਵੱਧ ਜਨਤਕ ਜਥੇਬੰਦੀਆਂ ਵਲੋਂ ਹਜ਼ਾਰਾਂ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਔਰਤਾਂ ਇਸ ਕਨਵੈਨਸ਼ਨ ਵਿਚ ਸ਼ਮੂਲੀਅਤ ਕਰਨਗੀਆਂ।
ਉਪਰੋਕਤ ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਹੈ। ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਬਣਾਏ ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ ਬਣਾਉਣ ਵੇਲੇ ਵਿਰੋਧ ਕਰਨ ਦਾ ਵਿਖਾਵਾ ਕਰਦੀ ਰਹੀ ਪਰ ਆਪਣੀ ਸਰਕਾਰ ਆਉਣ ਵੇਲੇ ਉਨ੍ਹਾਂ ਵਲੋਂ ਬਣਾਇਆ ਤੇ ਪਾਸ ਕੀਤਾ ਕਾਨੂੰਨ ਤੁਰੰਤ ਲਾਗੂ ਕਰ ਦਿੱਤਾ ਅਤੇ ਹੁਣ ਉਸ ਨਾਲੋਂ ਵੀ ਖਤਰਨਾਕ ਅਤੇ ਲੋਕਾਂ ਦੇ ਜਮਹੂਰੀ ਅਧਿਕਾਰਾਂ 'ਤੇ ਛਾਪਾ ਮਾਰਨ ਵਾਲਾ ਪੰਜਾਬ ਕੰਟਰੋਲ ਆਫ ਆਰਗੇਨਾਈਜ਼ ਕਰਾਈਮ ਐਕਟ (ਪਕੋਕਾ) ਲਿਆ ਰਹੀ ਹੈ। ਜਿਸ ਨਾਲ ਲੋਕਾਂ ਕੋਲੋਂ ਸੰਘਰਸ਼ ਕਰਨ ਦਾ ਅਧਿਕਾਰ ਖੋਹਣ ਦਾ ਉਪਰਾਲਾ ਕੀਤਾ ਜਾਵੇਗਾ।
ਸੋ ਕਲ੍ਹ 31 ਦਸੰਬਰ ਨੂੰ ਕਨਵੈਨਸ਼ਨ ਵਿਚ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਖਿਲਾਫ ਤਿੱਖੇ ਘੋਲ ਦਾ ਬਿਗਲ ਵਜ੍ਹਾ ਦਿੱਤਾ ਜਾਵੇਗਾ।

(ਗੁਰਨਾਮ ਸਿੰਘ ਦਾਊਦ)
ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ

Thursday, 28 December 2017

ਸੀ.ਟੀ.ਯੂ. ਪੰਜਾਬ ਦੀ 61 ਮੈਂਬਰੀ ਵਰਕਿੰਗ ਕਮੇਟੀ ਅਤੇ 21 ਮੈਂਬਰੀ ਸੂਬਾਈ ਅਹੁਦੇਦਾਰਾਂ ਦੀ ਚੋਣ ਕੀਤੀ


ਜਲੰਧਰ, 28 ਦਸੰਬਰ - ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀਟੀਯੂ ਪੰਜਾਬ) ਦੀ ਸੂਬਾਈ ਜਥੇਬੰਦ ਕਨਵੈਨਸ਼ਨ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਸਰਵ ਸ਼੍ਰੀ ਇੰਦਰਜੀਤ ਸਿੰਘ ਗਰੇਵਾਲ, ਮਾਸਟਰ ਸੁਭਾਸ਼ ਸ਼ਰਮਾ, ਗੰਗਾ ਪ੍ਰਸ਼ਾਦ, ਜਸਵੰਤ ਸੰਧੂ, ਜਸਵੰਤ ਘੁਟੜ ਅਤੇ ਭੈਣ ਤਰਿਪਤਾ ਨੇ ਸਾਂਝੇ ਰੂਪ ਵਿਚ ਕੀਤੀ। ਇਸ ਵਿਚ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਕਨਵੈਨਸ਼ਨ ਵਿਚ ਪੰਜਾਬ ਭਰ ਵਿਚੋਂ ਵੱਖ ਵੱਖ ਕੈਟਾਗਰੀਆਂ ਦੇ ਮਜ਼ਦੂਰ ਭੈਣ/ਭਰਾ ਸ਼ਾਮਲ ਹੋਏ।
ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਇੰਦਰਜੀਤ ਗਰੇਵਾਲ ਨੇ ਕਿਹਾ ਕਿ ਅੱਜ ਦੇਸ਼ ਅੰਦਰ ਅਪਣਾਈਆਂ ਜਾ ਰਹੀਆਂ ਨੀਤੀਆਂ ਕਰਕੇ ਮਜ਼ਦੂਰਾਂ ਦੀ ਹਾਲਤ ਦਿਨ ਪ੍ਰਤਦਿਨ ਬਦਤਰ ਹੋਈ ਜਾ ਰਹੀ ਹੈ। ਬਹੁਰਾਸ਼ਟਰੀ ਕੰਪਨੀਆਂ ਦੀ ਆਮਦ ਨਾਲ ਘਰੇਲੂ ਸਨਅਤ ਬੰਦ ਹੋਣ ਦੀ ਕਾਗਾਰ 'ਤੇ ਹੈ। ਪਿਛਲੇ ਲੰਬੇ ਸੰਘਰਸ਼ਾਂ ਨਾਲ ਬਣਵਾਏ ਲੇਬਰ ਕਾਨੂੰਨਾਂ ਨੂੰ ਵੀ ਮਜ਼ਦੂਰ ਵਿਰੋਧੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਹਿੱਤ ਪਾਲਣ ਲਈ ਸੋਧਾਂ ਕਰਨ ਜਾ ਰਹੀ ਹੈ।
ਇਸ ਮੌਕੇ ਮੰਗਤ ਰਾਮ ਪਾਸਲਾ ਨੇ ਬੋਲਦਿਆਂ ਕਿਹਾ ਕਿ 2008 ਤੋਂ ਆਲਮੀ ਆਰਥਕ ਸੰਕਟ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ। ਜਿਸਨੇ ਭਾਰਤੀ ਅਰਥਚਾਰੇ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਸ ਸੰਕਟ ਨਾਲ ਮਜ਼ਦੂਰ ਵਰਗ ਦੀ ਲੁੱਟ ਹੋਰ ਵਧੇਰੇ ਹੁੰਦੀ ਜਾ ਰਹੀ ਹੈ। ਮੋਦੀ ਸਰਕਰ ਨੇ ਦੇਸ਼ ਦੇ ਲੋਕਾਂ ਦੀ ਬਜਾਏ ਸਮਰਾਜੀ ਮੁਲਕਾਂ, ਬਹੁਕੌਮੀ ਕਾਰਪੋਰੇਸ਼ਨ ਤੇ ਕਾਰਪੋਰੇਟ ਘਰਾਣਿਆਂ ਦੇ ਵਧੇਰੇ ਚਿੰਤਾ ਹੈ। ਪਾਸਲਾ ਜੀ ਨੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ 'ਤੇ ਹੋਰ ਟੈਕਸਾਂ ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਗਿਆ ਹੈ। ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤਾ ਜਿਸ ਤੇ 20 ਸਾਥੀਆਂ ਨੇ ਭਰਵੀਂ ਬਹਿਸ ਕੀਤੀ। ਰਿਪਰਟ ਸਰਵਸੰਮਤ ਨਾਲ ਪਾਸ ਹੋਈ ਅਤੇ ਆਉਣ ਵਾਲੇ ਸਮੇਂ ਲਈ 61 ਮੈਂਬਰੀ ਵਰਕਿੰਗ ਕਮੇਟੀ ਅਤੇ 21 ਮੈਂਬਰੀ ਸੂਬਾਈ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਜਿਸ ਵਿਚ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ ਪ੍ਰਧਾਨ, ਕਾਮਰੇਡ ਮੰਗਤ ਰਾਮ ਪਾਸਲਾ ਸੀਨੀਅਰ ਵਾਇਸ ਪ੍ਰਧਾਨ, ਨੱਥਾ ਸਿੰਘ ਗੁਰਦਾਸਪੁਰ ਜਨਰਲ ਸਕੱਤਰ ਤੇ ਸ਼ਿਵ ਕੁਮਾਰ ਵਿੱਤ ਸਕੱਤਰ ਚੁਣੇ ਗਏ।
ਕਾਨਫਰੰਸ ਵਿਚ ਥਰਮਲ ਪਲਾਟਾਂ ਨੂੰ ਬੰਦ ਕਰਨ ਵਿਰੁੁੱਧ, ਲੇਬਰ ਵਿਭਾਗ ਵਲੋਂ ਨਿਰਮਾਣ ਮਜ਼ਦੂਰਾਂ ਦੀ ਰਜਿਸਟਰੇਸ਼ਨ ਆਦਿ ਦਾ ਸਾਰਾ ਕੰਮ ਆਨ ਲਾਈਨ ਕਰਨ ਵਿਰੁੱਧ, ਘਰੇਲੂ ਮਜ਼ਦੂਰਾਂ ਵਾਸਤੇ ''ਪੰਜਾਬ ਸਟੇਟ ਸਮਾਜਿਕ ਸੁਰੱਖਿਆ ਬੋਰਡ'' ਦਾ ਗਠਨ ਕਰਵਾਉਣ ਵਾਸਤੇ, ਘੱਟੋ ਘੱਟ ਉਜਰਤਾਂ 18000 ਰੁਪਏ ਅਤੇ ਛੇਵੇਂ ਪੇਕਮਿਸ਼ਨ ਨੂੰ ਤੁਰੰਤ ਰਿਪੋਰਟ ਦੇਣ ਲਈ ਮਤੇ ਪਾਸ ਕੀਤੇ ਗਏ।
ਕਾਨਫਰੰਸ ਵਿਚ ਫੈਸਲਾ ਕੀਤਾ ਗਿਆ ਕਿ 5 ਮਾਰਚ ਨੂੰ ਲੋਕਲ ਪੱਧਰ ਤੇ ਮੁਜ਼ਾਹਰੇ ਕਰਕੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਅਤੇ 15 ਮਈ 2018 ਨੂੰ ਡੀਸੀ ਦਫਤਰਾਂ ਅੱਗੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ।
ਜਾਰੀ ਕਰਤਾ

(ਨੱਥਾ ਸਿੰਘ)
93645-71435

Wednesday, 4 October 2017

ਜੇਪੀਐਮਓ ਵੱਲੋਂ ਥਰਮਲ ਕਾਮਿਆਂ ਦੇ ਸੰਘਰਸ਼ 'ਚ ਸ਼ਾਮਲ ਹੋਣ ਦਾ ਐਲਾਨ

ਜਲੰਧਰ, 4 ਅਕਤੂਬਰ  - ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐਮ.ਓ.) ਵੱਲੋਂ 9 ਅਤੇ 11 ਅਕਤੂਬਰ ਨੂੰ ਕ੍ਰਮਵਾਰ ਰੋਪੜ ਅਤੇ ਬਠਿੰਡਾ ਸਰਕਾਰੀ ਥਰਮਲ ਦੇ ਕਾਮਿਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਪੂਰੀ ਸ਼ਕਤੀ ਨਾਲ ਸ਼ਾਮਲ ਹੋਇਆ ਜਾਵੇਗਾ। ਉਕਤ ਜਾਣਕਾਰੀ ਅੱਜ ਇੱਕੋ ਜਾਰੀ ਇਕ ਲਿਖਤੀ ਬਿਆਨ ਰਾਹੀਂ ਜੇ.ਪੀ.ਐਮ.ਓ. ਦੇ ਸੂਬਾਈ ਕਨਵੀਨਰ ਸਾਥੀ ਇੰਦਰਜੀਤ ਗਰੇਵਾਲ ਪ੍ਰਧਾਨ ਸੀ.ਟੀ.ਯੂ. ਪੰਜਾਬ, ਸਾਥੀ ਗੁਰਨਾਮ ਸਿੰਘ ਦਾਊਦ ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ, ਸਾਥੀ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਸਾਥੀ ਸਤੀਸ਼ ਰਾਣਾ ਪ੍ਰਧਾਨ ਪ.ਸ.ਸ.ਫ., ਸਾਥੀ ਸ਼ਮਸ਼ੇਰ ਸਿੰਘ ਬਟਾਲਾ ਜਨਰਲ ਸਕੱਤਰ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਸਾਥੀ ਅਜੈ ਫਿਲੌਰ ਜਨਰਲ ਸਕੱਤਰ ਪੀ.ਐਸ.ਐਫ., ਸਾਥੀ ਦਲਜੀਤ ਸਿੰਘ ਡਵੀਜ਼ਨਲ ਪ੍ਰਧਾਨ ਐਨ.ਆਰ.ਐਮ.ਯੂ. ਅਤੇ ਬੀਬੀ ਨੀਲਮ ਘੁਮਾਣ ਜਨਰਲ ਸਕੱਤਰ ਜਨਵਾਦੀ ਇਸਤਰੀ ਸਭਾ ਵੱਲੋਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਨਿੱਜੀ ਬਿਜਲੀ ਕੰਪਨੀਆਂ ਨੂੰ ਵਿੱਤੀ ਫ਼ਾਇਦਾ ਪਹੁੰਚਾਉਣ ਦੇ ਕੋਝੀ ਸਾਜ਼ਿਸ਼ ਅਧੀਨ ਦੋਹੇਂ ਸਰਕਾਰੀ ਥਰਮਲ ਬੰਦ ਕਰ ਦਿੱਤੇ ਗਏ ਹਨ ਅਤੇ ਜਿਸ ਰੇਟ 'ਤੇ ਸਰਕਾਰੀ ਥਰਮਲ ਬਿਜਲੀ ਪੈਦਾ ਕਰਦੇ ਹਨ ਉਸ ਤੋਂ ਅਨੇਕਾਂ ਗੁਣਾਂ ਮਹਿੰਗੀ ਬਿਜਲੀ ਨਿੱਜੀ ਘਰਾਣਿਆਂ ਤੋਂ ਖ਼ਰੀਦੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਉਕਤ ਸੌਦਿਆਂ ਦੇ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ।
ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਥਰਮਲਾਂ ਨੂੰ ਬੰਦ ਕਰਨ ਪਿੱਛੇ ਲੁਕਵੀਂ ਮੰਸ਼ਾਂ ਇਹ ਵੀ ਕੰਮ ਕਰ ਰਹੀ ਹੈ ਕਿ ਥਰਮਲਾਂ ਦੀ ਹਜ਼ਾਰਾਂ ਕਰੋੜ ਰੁਪਏ ਦੀ ਜ਼ਮੀਨ ਅਤੇ ਹੋਰ ਜਾਇਦਾਦਾਂ ਕੌਡੀਆਂ ਦੇ ਭਾਅ ਹੜੱਪ ਕੀਤੀ ਜਾਵੇਗੀ।
ਆਗੂਆਂ ਨੇ ਪੰਜਾਬ ਹਕੂਮਤ ਦੀ ਇਸ ਦਲੀਲ ਨੂੰ ਵੀ ਰੱਦ ਕੀਤਾ ਕਿ ਸਰਕਾਰੀ ਥਰਮਲ ਆਪਣੀ ਮਿਆਦ ਪੁਗਾ ਚੁੱਕੇ ਹਨ ਕਿਉਂਕਿ ਪਿੱਛੇ ਜਿਹੇ ਹੀ ਬਠਿੰਡਾ ਥਰਮਲ ਦੇ ਆਧੁਨਿਕੀਕਰਨ 'ਤੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੂੰ ਹਜ਼ਾਰਾਂ ਕੱਚੇ ਅਤੇ ਪੱਕੇ ਮੁਲਾਜ਼ਮਾਂ ਅਤੇ ਥਰਮਲਾਂ ਦੇ ਨਾਲ ਜੁੜੇ ਸਹਾਇਕ ਕਾਰੋਬਾਰਾਂ 'ਚੋਂ ਰੋਜ਼ਗਾਰ ਪ੍ਰਾਪਤ ਕਰਦੇ ਲੱਖਾਂ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਥਰਮਲਾਂ ਨੂੰ ਚਲਦਾ ਰੱਖਣ ਦੇ ਮਾਮਲੇ ਵਿਚ ਪੰਜਾਬ ਸਰਕਾਰ, ਖ਼ਾਸ ਕਰ ਵਿੱਤੀ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕੀਤੀ ਗਈ ਵਾਅਦਾ ਖ਼ਿਲਾਫ਼ ਦੀ ਵੀ ਘੋਰ ਨਿੰਦਾ ਕੀਤੀ।

Thursday, 28 September 2017

ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਥਰਮਲ ਪਲਾਟਾਂ ਨੂੰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਉਣ ਦਾ ਐਲਾਨ

ਜਲੰਧਰ 28 ਸਤੰਬਰ -     ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ਦੇ ਆਗੂਆਂ ਨੇ ਬਠਿੰਡਾ ਅਤੇ ਰੋਪੜ ਵਿਚਲੇ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਨਾਦਰਸ਼ਾਹੀ ਫ਼ੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਜੇ.ਪੀ.ਐਮ.ਓ. ਦੇ ਸੂਬਾਈ ਆਗੂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੇ ਨਵੀਨੀਕਰਨ 'ਤੇ ਪਿਛਲੇ ਜਿਹੇ ਸੈਂਕੜੇ ਕਰੋੜ ਰੁਪਏ ਖ਼ਰਚੇ ਗਏ ਹਨ, ਪਰ ਅੱਜ ਥਰਮਲ ਦੀ ਮਿਆਦ ਪੁੱਗਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸੁਆਲ ਕੀਤਾ ਕਿ ਥਰਮਲਾਂ ਰਾਹੀਂ ਸਿੱਧਾ ਅਤੇ ਅਸਿੱਧਾ ਰੋਜ਼ਗਾਰ ਪ੍ਰਾਪਤ ਕਰਕੇ ਜੂਨ ਗੁਜ਼ਾਰਾ ਕਰਨ ਵਾਲੇ ਪਰਿਵਾਰਾਂ ਨੂੰ ਥਰਮਲ ਬੰਦ ਹੋਣ ਪਿੱਛੋਂ ਪੇਸ਼ ਆਉਣ ਵਾਲੀਆਂ ਦਿੱਕਤਾਂ ਦਾ ਸੂਬਾ ਸਰਕਾਰ ਨੇ ਕੀ ਬਦਲਵਾਂ ਪ੍ਰਬੰਧ ਕੀਤਾ ਹੈ? ਸਾਥੀ ਮਹੀਪਾਲ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੀ ਜੇ ਇੱਕੋ-ਇੱਕ ਕਾਰਗੁਜ਼ਾਰੀ ਦੀ ਨਿਸ਼ਾਨਦੇਹੀ ਕਰਨੀ ਹੋਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਸਰਕਾਰ ਵਾਅਦਾ ਖਿਲਾਫ਼ੀਆਂ ਦਾ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਥਰਮਲ ਬੰਦ ਕਰਨ ਪਿੱਛੇ ਅਸਲੀ ਮੰਸ਼ਾਂ ਥਰਮਲਾਂ ਦੀ ਬੇਸ਼ਕੀਮਤੀ ਜ਼ਮੀਨ ਅਤੇ ਹੋਰ ਜਾਇਦਾਦਾਂ ਨੂੰ ਖ਼ੁਰਦ-ਬੁਰਦ ਕਰਨਾ ਹੈ। ਸਾਥੀ ਮਹੀਪਾਲ ਨੇ ਕਿਹਾ ਕਿ ਮੰਚ (ਜੇ.ਪੀ.ਐਮ.ਓ.) 'ਚ ਸ਼ਾਮਲ ਜਥੇਬੰਦੀਆਂ ਗੁਰਦਾਸਪੁਰ ਜ਼ਿਮਨੀ ਚੋਣਾਂ ਦੌਰਾਨ ਸੂਬਾ ਹਕੂਮਤ ਦੀ ਥਰਮਲਾਂ ਬਾਬਤ ਵਾਅਦਾ ਖ਼ਿਲਾਫ਼ੀ ਦਾ ਹੀਜ਼ ਪਿਆਜ਼ ਨੰਗਾ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਉਣਗੀਆਂ।

Thursday, 14 September 2017

'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ' ਸੰਘਰਸ਼ ਤਹਿਤ 20 ਤੋਂ 22 ਸਤੰਬਰ ਨੂੰ ਪੰਜਾਬ ਭਰ ਵਿੱਚ ਜਿਲ੍ਹਾ ਅਤੇ ਤਹਿਸੀਲ ਕੇਂਦਰਾਂ ਉਪਰ ਧਰਨੇ ਦੇਣ ਦਾ ਐਲਾਨ

ਜਲੰਧਰ, 14 ਸਤੰਬਰ - 'ਜਮਹੂਰੀ ਕਿਸਾਨ ਸਭਾ ਵਲੋਂ 'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ' ਸੰਘਰਸ਼ ਤਹਿਤ 20, ਤੋਂ 22 ਸਤੰਬਰ ਨੂੰ ਪੰਜਾਬ ਭਰ ਵਿੱਚ ਜਿਲ੍ਹਾ ਅਤੇ ਤਹਿਸੀਲ ਕੇਂਦਰਾਂ ਉਪਰ ਧਰਨੇ ਦਿਤੇ ਜਾਣਗੇ। ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਵਲੋਂ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਦਿੱਤੀ। ਕਿਸਾਨ ਆਗੂਆਂ ਕੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ  ਨੀਤੀਆਂ ਕਾਰਨ ਕਰਜ਼ੇ ਦੇ ਭਾਰ ਹੇਠ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਚੋਣਾਂ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਕਿਸਾਨੀ ਜਿਣਸਾਂ ਦੇ ਭਾਅ ਡਾ. ਸਵਾਮੀਨਾਥ ਦੇ ਫਾਰਮੂਲੇ ਮੁਤਾਬਕ ਦਿੱਤੇ ਜਾਣਗੇ ਪ੍ਰੰਤੂ ਸੱਤਾ ਵਿੱਚ ਆਉਂਦਿਆਂ ਹੀ ਇਹ ਵਾਅਦਾ ਪੂਰਾ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਏਸੇ ਤਰਾਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਚੋਣਾਂ ਵਿਚ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਪ੍ਰੰਤੂ ਹੁਣ ਆਨਿਆਂ-ਬਹਾਨਿਆਂ ਨਾਲ ਟਾਲਾ ਵੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੇ 15 ਜੂਨ ਤੋ ਝੋਨਾ ਲਾਇਆ ਹੈ। ਅਗੇਤਰੀਆਂ ਕਿਸਮਾਂ ਦਾ  ਲੋਕਾਂ ਕਈ ਦਿਨਾਂ ਤੋ ਮੰਡੀਆਂ ਵਿੱਚ ਆ ਰਿਹਾ ਹੈ। ਪ੍ਰੰਤੂ ਅਜੇ ਤੱਕ ਸਰਕਾਰੀ ਖਰੀਦ ਦੇ ਕੋਈ ਪ੍ਰਬੰਧ ਦਿਖਾਈ ਨਹੀਂ ਦਿੰਦੇ। ਹਰ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਕੈਪਟਨ ਸਰਕਾਰ ਹੋੁਣ ਨੌਜਵਾਨਾਂ ਨੂੰ ਕੋਈ ਲੜ ਪੱਲਾ ਨਹੀਂ ਫੜਾ ਰਹੀ।
ਕਿਸਾਨ ਆਗੂਆਂ ਕੇ ਕਿਹਾ ਤਿੰਨ ਰੋਜ਼ਾ ਧਰਨਿਆਂ ਵਿੱਚ 10 ਏਕੜ ਤੱਕ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ  ਮੁਆਫ ਕਰਨ, ਝੋਨੇ  ਦੀ ਖਰੀਦ ਤਰੁੰਤ ਸ਼ਰੂ ਕਰਨ, ਹੜ੍ਹ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ,  ਸਹਿਕਾਰੀ ਖੰਡ ਮਿੱਲ ਸਮੇਤ ਪੰਜਾਬ ਦੀਆਂ ਬੰਦ ਪਈਆਂ ਮਿੱਲਾਂ ਨੂੰ ਚਾਲੂ ਕਰਨ, ਗੰਨੇ ਦੇ ਬਕਾਏ ਜਾਰੀ ਕਰਨ ਫਸਲਾਂ ਦੇ ਭਾਅ ਲਾਗਤ ਖਰਚੇ ਘਟਾ ਕੇ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦੇਣ ਦੀ ਮੰਗ ਕੀਤੀ ਜਾਵੇਗੀੇ।
ਜਾਰੀ ਕਰਤਾ

(ਪਰਗਟ ਸਿੰਘ ਜਾਮਾਰਾਏ)

Saturday, 9 September 2017

ਪੰਜਾਬ ਉਸਾਰੀ ਮਜ਼ਦੂਰ ਸਾਂਝਾ ਮੰਚ ਦਾ ਗਠਨ ਕੀਤਾ

ਜਲੰਧਰ, 9 ਸਤੰਬਰ - 'ਪੰਜਾਬ ਅੰਦਰ ਨਿਰਮਾਣ ਮਜ਼ਦੂਰਾਂ ਵਿੱਚ ਕੰਮ ਕਰਦੀਆਂ ਸਾਰੀਆਂ ਯੂਨੀਅਨਾਂ ਅਤੇ ਐਨਜੀਓਜ਼ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅੱਜ ਹੋਈ। ਸੂਬੇ ਅੰਦਰ ਨਿਰਮਾਣ ਮਜ਼ਦੂਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ 'ਤੇ ਖੁੱਲ੍ਹ ਕੇ  ਵਿਚਾਰ-ਚਰਚਾ ਕੀਤੀ ਗਈ ਅਤੇ ਇਹਨਾਂ ਦੇ ਹੱਲ ਲਈ ਸੂਬਾਈ ਪੱਧਰ 'ਤੇ ਸੰਘਰਸ਼ ਕਰਨ ਲਈ ''ਪੰਜਾਬ ਉਸਾਰੀ ਮਜ਼ਦੂਰ ਸਾਂਝਾ ਮੰਚ'' ਬਣਾਇਆ ਗਿਆ।
Áੱਜ ਦੀ ਮੀਟਿੰਗ ਵਿੱਚ ਸੀਆਈਟੀਯੂ ਤੇ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕੇਵਲ ਸਿੰਘ ਹਜਾਰਾ, ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ ਸਬੰਧਿਤ ਸੀਟੂ ਦੇ ਮੀਤ ਪ੍ਰਧਾਨ ਰਾਜ ਕੁਮਾਰ ਸਰਨਾ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਗੋਹਲਵੜ੍ਹ, ਇਫਟੂ ਦੇ  ਜਨਰਲ ਸਕੱਤਰ ਕੁਲਵਿੰਦਰ ਸਿੰਘ ਵੜੈਚ ਤੇ ਅਵਤਾਰ ਸਿੰਘ ਤਾਰੀ, ਸੋਸ਼ਲ ਫ਼ਾਰ ਚੇਂਜ ਇਕਵਿਟੀ (NGO) ਦੇ  ਆਗੂ ਵਿਜੇ ਵਾਲੀਆ, ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਧੂਰੀ, ਐਚ ਐਮ ਐਸ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਬਾਵਾ, ਏਟਕ ਦੇ ਆਗੂ ਬ੍ਰਹਮ ਦੇਵ ਸ਼ਰਮਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ, ਮੀਤ ਪ੍ਰਧਾਨ ਬਲਵਿੰਦਰ ਛੇਹਰਟਾ ਤੇ ਸਕੱਤਰ ਅਮਰਜੀਤ ਘਨੌਰ ਤੋਂ ਇਲਾਵਾ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿਚ ਚਰਚਾ ਕੀਤੀ ਗਈ ਕਿ ਜਿਹੜਾ ਪ੍ਰਿੰਸੀਪਲ ਸਕੱਤਰ ਲੇਬਰ ਵਿਭਾਗ ਵੱਲੋਂ ਨਿਰਮਾਣ ਮਜ਼ਦੂਰਾਂ ਦੀ ਰਜਿਸਟਰੇਸ਼ਨ, ਨਵੀਨੀਕਰਨ ਅਤੇ ਹਰ ਤਰ੍ਹਾਂ ਦੇ ਲਾਭਾਂ ਲਈ ਆਨ ਲਾਇਨ ਫਾਰਮ ਭਰਨ ਦਾ ਹੁਕਮ ਜਾਰੀ  ਹੋਇਆ ਹੈ, ਉਸ ਨਾਲ ਮਜ਼ਦੂਰਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਵਿਚ ਹਾਜ਼ਰ ਸਾਥੀਆਂ ਨੇ ਦੱਸਿਆ ਕਿ ਨਿਰਮਾਣ ਮਜ਼ਦੂਰ ਵਧੇਰੇ ਕਰਕੇ ਅਨਪੜ੍ਹ ਅਤੇ ਉਨ੍ਹਾਂ ਅੰਦਰ ਜਾਗ੍ਰਿਤੀ ਦੀ ਬਹੁਤ ਘਾਟ ਹੈ। ਇਸ ਲਈ ਉਹ ਆਨ ਲਾਇਨ ਫਾਰਮ ਭਰਨ ਦੇ ਅਸਮਰਥ ਹਨ। ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਅਨੇਕਾਂ ਫ਼ੈਸਲੇ ਹੋਣ ਦੇ ਬਾਵਜੂਦ ਪੰਜਾਬ ਅੰਦਰ ਸਿਰਫ਼ 30 ਜੂਨ ਤੱਕ 6 ਲੱਖ 10 ਹਜ਼ਾਰ ਮੈਂਬਰ ਹੀ ਰਜਿਸਟਰਡ ਹੋਏ ਸਨ, ਜਦੋਂਕਿ ਇਹਨਾਂ ਕਿਰਤੀਆਂ ਦੀ ਗਿਣਤੀ 20 ਲੱਖ ਤੋਂ ਵੀ ਵਧੇਰੇ ਹੈ। ਆਗੂਆਂ ਨੇ ਕਿਹਾ ਕਿ ਆਨ ਲਾਈਨ ਕਰਨ ਨਾਲ ਜਿੱਥੇ ਕਾਨੂੰਨ ਦੀ ਅਵੱਗਿਆ ਹੋ ਰਹੀ ਹੈ, ਉੱਥੇ ਗੈਰ ਨਿਰਮਾਣ ਮਜ਼ਦੂਰ ਕਾਮਿਆਂ ਦੇ ਵੀ ਰਜਿਸਟਰਡ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ ਆਨ ਲਾਈਨ ਦੇ ਨਾਲ ਨਾਲ ਆਫ਼ ਲਾਈਨ ਫਾਰਮ ਭਰਨਾ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
''ਪੰਜਾਬ ਉਸਾਰੀ ਮਜ਼ਦੂਰ ਸਾਂਝੇ ਮੰਚ'' ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮਿਤੀ 25 ਸਤੰਬਰ ਨੂੰ ਪ੍ਰਿੰਸੀਪਲ ਸਕੱਤਰ ਲੇਬਰ ਵਿਭਾਗ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਮਿਤੀ 16 ਅਕਤੂਬਰ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।
ਜਾਰੀ ਕਰਤਾ

(ਹਰਿੰਦਰ ਸਿੰਘ ਰੰਧਾਵਾ)
ਜਨਰਲ ਸਕੱਤਰ,

Tuesday, 5 September 2017

ਦਿਹਾਤੀ ਮਜ਼ਦੂਰ ਸਭਾ 23, 24, 25 ਅਕਤੂਬਰ ਨੂੰ ਐਸ.ਡੀ.ਐਮ. ਦਫਤਰਾਂ ਅੱਗੇ ਦੇਵੇਗੀ ਧਰਨੇ : ਦਾਊਦ

ਜਲੰਧਰ 5 ਸਤੰਬਰ - ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ  ਜਲੰਧਰ ਦਫਤਰ ਵਿਖੇ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਟਪਿਆਲਾ, (ਅੰਮ੍ਰਿਤਸਰ) ਵਿਖੇ ਗੋਲੀ ਕਾਂਡ 'ਚ ਸ਼ਹੀਦ ਹੋਏ ਸਾਥੀ ਸੁਖਦੇਵ ਸਿੰਘ ਟਪਿਆਲਾ ਅਤੇ ਕੁਦਰਤੀ ਮੌਤ ਨਾਲ ਵਿਛੜੇ ਸਾਬਕਾ ਕੌਮੀ ਸਫਾਈ ਕਮਿਸ਼ਨ ਦੇ ਮੈਂਬਰ ਅਤੇ ਪ੍ਰਸਿੱਧ ਮਜ਼ਦੂਰ ਆਗੂ  ਸਾਥੀ ਸਰਦੀਪ ਸਿੰਘ ਘੱਗਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮਾਝਾ, ਮਾਲਵਾ ਤੇ ਦੁਆਬਾ ਖੇਤਰ ਦੀਆਂ ਮਜ਼ਦੂਰਾਂ-ਕਿਸਾਨਾਂ ਦੀਆਂ ਲਾਮਿਸਾਲ ਕੀਤੀਆਂ ਰੈਲੀਆਂ ਵਿਚ ਮਜ਼ਦੂਰਾਂ ਦੀ ਭਾਰੀ ਸ਼ਮੂਲੀਅਤ ਉਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਹੇਠਲੀਆਂ ਇਕਾਈਆਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਲੋਕ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਕਮਰ ਕੱਸੇ ਕਰਨ ਦਾ ਸੱਦਾ ਦਿੱਤਾ ਅਤੇ 23, 24, 25 ਅਕਤੂਬਰ ਨੂੰ ਪੰਜਾਬ ਭਰ ਦੇ ਸਬ ਡਵੀਜ਼ਨ ਦਫਤਰਾਂ ਅੱਗੇ ਵਿਸ਼ਾਲ ਧਰਨੇ ਮਾਰ ਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਜ਼ਦੂਰ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਜਾਣਗੇ। ਜਿਸਦੀਆਂ ਤਿਆਰੀਆਂ ਲਈ ਪਿੰਡ ਪਿੰਡ ਮੀਟਿੰਗਾਂ ਅਤੇ ਝੰਡਾ ਮਾਰਚ, ਜਾਗੋ, ਮਿਸ਼ਾਲ ਮਾਰਚ ਆਰੰਭ ਕੀਤੇ ਜਾਣਗੇ।
ਸਾਥੀ ਦਾਊਦ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਦਿਹਾਤੀ ਮਜ਼ਦੂਰਾਂ ਨੂੰ ਜਥੇਬੰਦੀ ਦੇ ਝੰਡੇ ਹੇਠ ਲਿਆਉਣ ਲਈ ਦੋ ਦਿਨਾਂ ਸੂਬਾਈ ਵਿਸ਼ੇਸ਼ ਮੈਂਬਰਸ਼ਿਪ ਮੁਹਿਮ 28, 29 ਅਕਤੂਬਰ ਨੂੰ ਚਲਾਈ ਜਾਵੇਗੀ। ਜਿਸ ਉਪਰਾਂਤ ਵੱਡੀ ਪੱਧਰ ਉਪਰ ਮਜ਼ਦੂਰਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਮੈਂਬਰ ਬਣਾ ਕੇ ਜਥੇਬੰਦੀ ਦੇ ਝੰਡੇ ਥੱਲੇ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਵਲੋਂ ਪਾਸ ਕੀਤੇ ਇਕ ਮਤੇ ਰਾਹੀਂ ਭੂ-ਪ੍ਰਾਪਤੀ ਕਮੇਟੀ ਟਪਿਆਲਾ (ਅੰਮ੍ਰਿਤਸਰ) ਵਲੋਂ ਚਲਾਏ ਜਾ ਰਹੇ ਧਰਨੇ ਉਪਰ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ  ਹਮਲਾ ਕਰਕੇ ਸਾਥੀ ਸੁਖਦੇਵ ਸਿੰਘ ਟਪਿਆਲਾ ਨੂੰ ਸ਼ਹੀਦ ਕਰਨਾ ਅਤੇ ਅਨੇਕਾਂ ਮਜਦੂਰਾਂ ਨੂੰ ਗੰਭੀਰ ਜਖ਼ਮੀ ਕਰਨ ਦੀ ਘਟਨਾ ਦੀ ਸਖਤ ਸ਼ਬਦਾਂ ਦੀ ਨਿਖੇਧੀ ਕਰਦਿਆਂ ਰਹਿੰਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਪਲਾਟਾਂ 'ਤੇ ਘਰ ਬਣਾਉਣ ਲਈ 5-5 ਲੱਖ ਰੁਪਏ ਗ੍ਰਾਂਟ ਦੀ ਮੰਗ ਕੀਤੀ ਗਈ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਾਥੀ ਲਾਲ ਚੰਦ ਕਟਾਰੂਚੱਕ, ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਜਗਜੀਤ ਸਿੰਘ ਜੱਸੇਆਣਾ, ਪਰਮਜੀਤ ਸਿੰਘ ਰੰਧਾਵਾ, ਜਸਪਾਲ ਸਿੰਘ ਝਬਾਲ, ਗੁਰਤੇਜ ਸਿੰਘ ਹਰੀਨੌ, ਜੱਗਾ ਸਿੰਘ ਅਬੋਹਰ, ਬਲਦੇਵ ਸਿੰਘ ਭੈਲ, ਸਤਪਾਲ ਸ਼ਰਮਾ, ਨਰਿੰਦਰ ਸਿੰਘ ਵਡਾਲਾ, ਨਿਰਮਲ ਸਿੰਘ ਛੱਜਲਵੱਡੀ, ਹਰਜੀਤ ਸਿੰਘ ਮਦਰੱਸਾ, ਨਿਰਮਲ ਸਿੰਘ ਆਧੀ, ਜਰਨੈਲ ਸਿੰਘ ਫਿਲੌਰ ਆਦਿ ਹਾਜ਼ਰ ਸਨ।
ਜਾਰੀ ਕਰਤਾ

(ਲਾਲ ਚੰਦ ਕਟਾਰੂਚੱਕ)

Wednesday, 23 August 2017

ਪੰਜਾਬ ਸਰਕਾਰ ਨੂੰ ਜੇਪੀਐਮਓ ਵਲੋਂ ਥਰਮਲ ਬੰਦ ਕਰਨ ਵਿਰੁੱਧ ਤਾੜਨਾ

ਜਲੰਧਰ, 23  ਅਗਸਤ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਨੇ ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਵਿਰੱਧ ਤਾੜਨਾ ਕਰਦਿਆ ਪਲਾਂਟ ਦੇ ਕਾਮਿਆਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸੰਘਰਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ।
ਮੰਚ 'ਚ ਸ਼ਾਮਲ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ, ਐਨਆਰਐਮਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ, ਬਾਰਡਰ ਏਰੀਆ ਸੰਘਰਸ਼ ਕਮੇਟੀ, ਮੰਡ-ਬੇਟ ਆਬਾਦਕਰ ਸੰਘਰਸ਼ ਕਮੇਟੀ, ਨਰਮਾ ਪੱਟੀ ਸੰਘਰਸ਼ ਕਮੇਟੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਹੋਰ ਅਨੇਕਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਇਥੋਂ ਜਾਰੀ ਇੱਕ ਬਿਆਨ 'ਚ ਕਿਹਾ ਕਿ ਅਕਾਲੀ ਸਰਕਾਰ ਨੇ ਬਠਿੰਡਾ ਥ੍ਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਲੱਖਾਂ ਲੋਕਾਂ ਦਾ ਸਿੱਧੇ ਅਤੇ ਅਸਿੱਧੇ ਰੂਪ 'ਚ ਰੁਜ਼ਗਾਰ ਖੁੱਸ ਗਿਆ ਸੀ। ਇਸ ਸਬੰਧੀ ਸੀਟੀਯੂ ਪੰਜਾਬ ਦੇ ਆਗੂ ਇੰਦਰਜੀਤ ਸਿੰਘ ਗਰੇਵਾਲ ਅਤੇ ਨੱਥਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ ਅਤੇ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਕੁਲਵੰਤ ਸਿੰਘ ਸੰਧੂ, ਐਨਆਰਐਮਯੂ ਦੇ ਆਗੂ ਦਲਜੀਤ ਸਿੰਘ, ਪਸਸਫ ਦੇ ਸਤੀਸ਼ ਰਾਣਾ ਅਤੇ ਵੇਦ ਪ੍ਰਕਾਸ਼ ਸ਼ਰਮਾ, ਇਸਤਰੀ ਸਭਾ ਦੇ ਆਗੂ ਨੀਲ ਮ ਘੁਮਾਣ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਸਵਿੰਦਰ ਸਿੰਘ ਢੇਸੀ ਅਤੇ ਮਨਦੀਪ ਰੱਤੀਆ, ਪੀਐਸਐਫ ਦੇ ਮਨਜਿੰਦਰ ਸਿੰਘ ਢੇਸੀ ਅਤੇ ਅਜੈ ਫਿਲੌਰ ਵਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਗਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੇ ਬਠਿੰਡਾ ਥਰਮਲ ਪਲਾਂਟ ਬਾਰੇ ਵਾਅਦਾ ਕੀਤਾ ਸੀ ਕਿ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਥਰਮਲ ਪਲਾਂਟ ਮੁੜ ਤੋਂ ਚਾਲੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਥਰਮਲ ਕਾਮਿਆਂ ਦੀਆਂ ਆਸਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ। ਆਗੂਆਂ ਨੇ ਖਦਸ਼ਾ ਪ੍ਰਗਟਾਇਆ ਕਿ ਪਲਾਂਟ ਦੇ ਕਰੋੜਾਂ ਰੁਪਏ ਦੇ ਮੁੱਲ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਨਿਲਾਮ ਕਰ ਦਿੱਤੀ ਜਾਵੇਗੀ। ਉਕਤ ਆਗੂਆਂ ਨੇ ਸਮੂਹ ਸੰਘਰਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਥਰਮਲ ਕਾਮਿਆਂ ਦੇ ਸੰਘਰਸ਼ 'ਚ ਸਾਥ ਦੇਣ।
ਜਾਰੀ ਕਰਤਾ
ਗੁਰਨਾਮ ਸਿੰਘ ਦਾਊਦ

Wednesday, 9 August 2017

ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਵਲੋਂ ਰੋਹ ਭਰਪੂਰ ਮੁਜ਼ਹਾਰਾ





ਗੁਰਾਇਆ, 9 ਅਗਸਤ - ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਇਥੋਂ ਦੇ ਮੁਖ ਚੌਂਕ 'ਚ ਕਰੀਬ ਪੌਣਾ ਘੰਟਾ ਜਾਮ ਲਗਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾ ਇਨ੍ਹਾਂ ਜਥੇਬੰਦੀਆਂ ਦੇ ਸੱਦੇ 'ਤੇ ਇਥੋਂ ਦੀ ਦਾਣਾ ਮੰਡੀ 'ਚ ਇੱਕ ਵਿਸ਼ਾਲ ਰੈਲੀ ਕੀਤੀ ਗਈ। ਉਕਤ ਜਥੇਬੰਦੀਆਂ ਦੇ ਦੋਆਬਾ ਜ਼ੋਨ ਵਲੋਂ ਕੀਤੀ ਰੈਲੀ ਨੂੰ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਕਿਸਾਨ ਅਤੇ ਮਜ਼ਦੂਰ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਰੰਗਾਂ ਦੀਆਂ ਸਰਕਾਰਾਂ ਹੋਂਦ 'ਚ ਆਈਆਂ ਪਰ ਕਿਸੇ ਨੇ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਨਹੀਂ ਫੜੀ ਅਤੇ ਇਸ ਦੇ ਮੁਕਾਬਲੇ ਹਾਕਮਾਂ ਨੇ ਆਪਣੇ ਚਹੇਤਿਆਂ ਦੀ ਪੁਸ਼ਤਪੁਨਾਹੀ ਹੀ ਕੀਤੀ ਹੈ, ਜਿਸ ਨਾਲ ਦੇਸ਼ ਦੀ ਵੱਡੀ ਸਰਮਾਏਦਾਰੀ ਹੋਰ ਤਕੜੀ ਹੋਈ ਅਤੇ ਹੇਠਲਾ ਤਬਕਾ ਹੋਰ ਵੀ ਗਰੀਬ ਹੁੰਦਾ ਚਲਿਆ ਗਿਆ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ ਹਮਲਿਆਂ 'ਚ ਹੋਰ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਲਾਗਤ ਕੀਮਤਾਂ ਘੱਟ ਕਰਕੇ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਅਜਿਹਾ ਕਰਕੇ ਹੀ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਚਾਇਆ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਬਹੁਤ ਸਾਰੇ ਚੋਣ ਵਾਅਦੇ ਕੀਤੇ ਗਏ ਪਰ ਇਨ੍ਹਾਂ ਨੂੰ ਲਾਗੂ ਹੀ ਨਹੀਂ ਕੀਤਾ ਗਿਆ। ਕਰਜ਼ਿਆਂ ਦੇ ਸਵਾਲ 'ਤੇ ਇਨ੍ਹਾਂ ਆਗੂਆਂ ਨੂੰ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ ਤਾਂ ਜੋ ਆਤਮ ਹੱਤਿਆ ਦੇ ਚਲਦੇ ਸਿਲਸਿਲੇ ਨੂੰ ਠੱਲ ਪਾਈ ਜਾ ਸਕੇ।
ਗਰੀਬ ਲੋਕਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ, ਮਕਾਨ ਬਣਾਉਣ ਲਈ ਤਿੰਨ ਲੱਖ ਰੁਪਏ ਦੀ ਗਰਾਂਟ, ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ, ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਂਦੇ ਹੋਏ ਸਾਰੀਆਂ ਹੀ ਫਸਲਾਂ ਦੇ ਘੱਟੋ ਘੱਟ ਲਾਹੇਵੰਦ ਸਮਰਥਨ ਮੁੱਲ ਐਲਾਨਣ, ਖੇਤੀਬਾੜੀ 'ਤੇ ਜੀਐਸਟੀ ਖਤਮ ਕਰਨ, ਮਨਰੇਗਾ ਵਰਕਰਾਂ ਦੀ ਦਿਹਾੜੀ 500 ਰੁਪਏ ਕਰਨ, ਪੰਚਾਇਤਾਂ ਦੀਆਂ ਵਾਹੀਯੋਗ ਜ਼ਮੀਨਾਂ 'ਚੋਂ ਤੀਜਾ ਹਿੱਸਾ ਮਜ਼ਦੂਰਾਂ ਨੂੰ ਦੇਣਾ ਯਕੀਨੀ ਬਣਾਉਣ, ਬੁਢਾਪਾ/ਵਿਧਵਾ/ਅੰਗਹੀਣ ਬੱਚਿਆਂ/ਆਸ਼ਰਤ ਲੋਕਾਂ ਦੀ ਪੈਨਸ਼ਨ ਤਿੰਨ ਹਜ਼ਾਰ ਰੁਪਏ ਕਰਨ, ਮਜ਼ਦੂਰਾਂ/ਦਲਿਤਾਂ 'ਤੇ ਹੁੰਦੇ ਸਮਾਜਿਕ ਅਤੇ ਪੁਲਸ ਜਬਰ ਬੰਦ ਕਰਵਾਉਣ ਆਦਿ ਦੀ ਮੰਗ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਜੇ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ 'ਤੇ ਸਰਕਾਰ ਨੇ ਮੌਨ ਧਾਰੀ ਰੱਖਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੀ ਰੈਲੀ ਨੂੰ ਜਸਵਿੰਦਰ ਸਿੰਘ ਢੇਸੀ, ਪਰਮਜੀਤ ਰੰਧਾਵਾ, ਮਨੋਹਰ ਸਿੰਘ ਗਿੱਲ, ਬਲਦੇਵ ਸਿੰਘ ਸੁਲਤਾਨਪੁਰ, ਗੰਗਾ ਪ੍ਰਸ਼ਾਦ, ਮੋਹਣ ਸਿੰਘ ਧਮਾਣਾ, ਸੋਹਣ ਸਿੰਘ ਸਲੇਮਪੁਰੀ, ਸ਼ਿਵ ਕੁਮਾਰ ਤਿਵਾੜੀ, ਸਵਰਨ ਸਿੰਘ ਮੁਕੇਰੀਆਂ, ਨਿਰਮਲ ਸਿੰਘ ਮਲਸੀਆਂ, ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸ਼ਹਿਰ 'ਚ ਮਾਰਚ ਕਰਦਿਆਂ ਮੁਜ਼ਾਹਾਰਕਾਰੀਆਂ ਨੇ ਸੜਕ 'ਤੇ ਜਾਮ ਲਗਾ ਦਿੱਤਾ। ਜਿਸ ਨਾਲ ਪੌਣੇ ਘੰਟੇ ਤੋਂ ਵੱਧ ਸਮੇਂ ਲਈ ਆਵਾਜਾਈ ਠੱਪ ਹੋ ਗਈ।

Wednesday, 28 June 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਚੌਥਾ ਸੂਬਾਈ ਅਜਲਾਸ 16-17-18 ਸਤੰਬਰ ਨੂੰ ਫਿਲੌਰ ਵਿਖੇ ਕਰਵਾਉਣ ਦਾ ਐਲਾਨ

ਜਲੰਧਰ, 25 ਜੂਨ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਅੱਜ ਸਥਾਨਕ ਪੀ. ਸੁੰਦਰਈਆ ਮਾਰਕਸਵਾਦੀ ਅਧਿਐਨ ਕੇਂਦਰ ਵਿਖੇ ਇਕ ਸਟੱਡੀ ਸਰਕਲ ਜਥੇਬੰਦ ਕੀਤਾ ਗਿਆ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚੋਂ ਪੁੱਜੇ ਨੌਜਵਾਨਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਸੰਨ 1975 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦੇਸ਼ 'ਚ ਐਮਰਜੈਂਸੀ ਲਾਗੂ ਕਰਦਿਆਂ ਤਾਨਾਸ਼ਾਹੀ ਠੋਸਣ ਦਾ ਯਤਨ ਕੀਤਾ ਗਿਆ ਸੀ।
ਇਸ ਦੌਰਾਨ ਸਭਾ ਵਲੋਂ ਚੌਥਾ ਸੂਬਾਈ ਅਜਲਾਸ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ 'ਚ 16-17-18 ਸਤੰਬਰ 2017 ਨੂੰ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਵਰਨਣਯੋਗ ਹੈ ਕਿ ਨੌਜਵਾਨ ਲਹਿਰ ਦੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ 18 ਸਤੰਬਰ ਨੂੰ ਹੋਈ ਸੀ।
ਸਟੱਡੀ ਸਰਕਲ 'ਚ ਇਹ ਮੁੱਦਾ ਵਿਸ਼ੇਸ਼ ਚਰਚਾ ਦਾ ਕੇਂਦਰ ਰਿਹਾ ਕਿ ਅੱਜ ਭਾਵੇਂ ਐਲਾਨੀ ਐਮਰਜੈਂਸੀ ਤਾਂ ਨਹੀਂ ਪਰ ਹਾਲਾਤ ਉਸ ਤੋਂ ਵੀ ਵਧੇਰੇ ਤਾਨਾਸ਼ਾਹੀ ਪੂਰਣ ਹਨ। ਉਸ ਵੇਲੇ ਜੋ ਮਨਆਈਆਂ ਕੇਂਦਰੀ ਬਲ, ਪੁਲਸ 'ਤੇ ਹੋਰ ਅਮਲਾ ਫੈਲਾ ਕਰਦਾ ਸੀ, ਅੱਜ ਉਹੀ ਕੁੱਝ ਘੋਰ ਫਿਰਕੂ ਅਤੇ ਜਾਤੀਵਾਦੀ ਸੋਚ ਨਾਲ ਡੰਗੇ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਕੀਤਾ ਜਾ ਰਿਹਾ ਹੈ। ਅਜੋਕੀ ਸਰਕਾਰ ਦੀ ਅਜਿਹੇ, ਆਪਣੇ ਆਪ ਨੂੰ ਸੰਵਿਧਾਨ/ਕਾਨੂੰਨ ਤੋਂ ਉਪਰ ਸਮਝਣ ਵਾਲੇ ਸੰਗਠਨਾਂ ਦੇ ਆਗੂਆਂ, ਜਿਨ੍ਹਾਂ 'ਚੋਂ ਅਨੇਕਾਂ ਖਿਲਾਫ ਅਪਰਾਧਕ ਮਾਮਲੇ ਵੀ ਦਰਜ ਹਨ, ਨੂੰ ਖੁੱਲ੍ਹੀ ਸਰਪ੍ਰਸਤੀ ਹਾਸਲ ਹੈ। ਐਮਰਜੈਂਸੀ ਤੋਂ ਵੀ ਅਗਾਂਹ ਜਾਂਦਿਆਂ ਇਹ ਅਨਸਰ ਆਮ ਲੋਕਾਂ ਦੇ ਸਮਾਜਿਕ-ਪਰਿਵਾਰਕ ਅਤੇ ਨਿੱਜੀ ਸਰੋਕਾਰਾਂ 'ਚ ਵੀ ਬੇਲੋੜਾ ਦਖਲ ਦਿੰਦੇ ਹਨ। ਜੇ ਉਸ ਵੇਲੇ ਸੰਵਿਧਾਨ ਤੋਂ ਉਪਰ ਸੱਤਾ ਦਾ ਕੇਂਦਰ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦੇ ਪਰਿਵਾਰਕ ਮੈਂਬਰ 'ਤੇ ਕਰੀਬੀ ਜੁੰਡਲੀ ਸੀ, ਤਾਂ ਅੱਜ ਅਜਿਹਾ ਸਮਾਨਅੰਤਰ ਸੱਤਾ ਕੇਂਦਰ ਨਾਗਪੁਰ ਵਿਚਲਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁੱਖ ਦਫਤਰ ਬਣ ਚੁੱਕਾ ਹੈ। ਬੀਤੇ 'ਚ ਆਪਣੇ ਆਪ ਨੂੰ ਸੱਭਿਆਚਾਰਕ ਜਾਂ ਸਮਾਜਕ ਸੰਗਠਨ ਐਲਾਨ ਕੇ ਗੁੱਝੀਆਂ ਰਾਜਸੀ ਸਰਗਰਮੀਆਂ ਕਰਨ ਵਾਲੇ ਸੰਘ ਦਾ ਮੁੱਖੀ ਭਾਵ ਸਰ ਸੰਘਚਾਲਕ ਹੁਣ ਸ਼ਰ੍ਹੇਆਮ ਸਰਕਾਰ ਦੇ ਮੁੱਖੀ ਨੂੰ ਆਪਣੇ ਕੋਲ ਸੱਦ ਕੇ ਸ਼ਾਸ਼ਨ ਚਲਾਉਣ ਦੀਆਂ ਹਿਦਾਇਤਾਂ (ਮਾਰਗ ਦਰਸ਼ਨ) ਦਿੰਦਾ ਹੈ। ਦੇਸ਼ ਭਰ 'ਚ ਔਰਤਾਂ, ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਅਤੇ ਅਨੁਸੂਚਿਤ ਜਾਤੀਆਂ-ਜਨਜਾਤੀਆਂ 'ਤੇ ਵਰਤਾਇਆ ਜਾ ਰਿਹਾ ਕਹਿਰ ਅਣਐਲਾਨੀ ਐਮਰਜੈਂਸੀ  ਦੀ ਭੱਦੀ ਵੰਨਗੀ ਹੈ। ਜਮਹੂਰੀ, ਧਰਮ ਨਿਰਪੱਖ ਅਤੇ ਵਿਗਿਆਨਕ ਪੈਂਤੜੇ ਤੋਂ ਹਰ ਕਿਸਮ ਦੇ ਫਿਰਕੂ, ਤਾਨਾਸ਼ਾਹੀ ਅਤੇ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਵਿਰੋਧ ਕਰਨ ਵਾਲੇ ਸਭਨਾ ਨੂੰ ਚੌਤਰਫ਼ਾ ਸਰੀਰਕ-ਮਾਨਸਿਕ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਖਾਸ ਫਿਰਕੇ ਵਿਚਲੇ ਕੱਟੜਪੰਥੀ ਸੰਗਠਨਾਂ ਦੀ ਮੰਸ਼ਾ ਮੁਤਾਬਕ ਇਤਿਹਾਸ, ਪਾਠਕ੍ਰਮ, ਕਲਾ ਨੂੰ ਜਬਰੀ ਮੋੜਾ ਦੇਣਾ ਐਮਰਜੈਂਸੀ ਤੋਂ ਵੀ ਵਧੇਰੇ ਖਤਰਨਾਕ ਹੈ।
ਵਿਚਾਰ - ਚਰਚਾ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਇਹ ਸੀ ਕਿ ਅਜੋਕਾ ਦੌਰ ਦੁਨੀਆਂ ਭਰ 'ਚ ਸਾਮਰਾਜੀ ਦੀ ਨੰਗੀ ਚਿੱਟੀ ਦਖਲਅੰਦਾਜ਼ੀ ਅਤੇ ਦੁਨੀਆਂ ਭਰ ਦੇ ਬੇਸ਼ਕੀਮਤੀ ਖਜ਼ਾਨਿਆਂ ਦੀ ਬੇਤਰਸ ਲੁੱਟ ਦਾ ਦੌਰ ਹੈ। ਸੰਸਾਰ ਦੇ ਇਕ ਧਰੁਵੀ ਹੋ ਜਾਣ ਕਾਰਨ ਅਨੇਕਾਂ ਦੇਸ਼ਾਂ, ਖਾਸ ਕਰ ਨਵੇਂ ਆਜ਼ਾਦ ਹੋਏ ਦੇਸ਼ਾਂ ਦੀਆਂ ਸਰਕਾਰਾਂ ਸੰਸਾਰ ਸਾਮਰਾਜੀ ਦੇਸ਼ਾਂ ਦੇ ਉਕਤ ਕੋਝੇ ਮੰਤਵ 'ਚ ਪੂਰੀ ਤਰ੍ਹਾਂ ਭਾਈਵਾਲ ਅਤੇ ਮਦਦਗਾਰ ਬਣ ਚੁੱਕੀਆਂ ਹਨ। ਭਾਰਤ ਦੀ ਮੋਦੀ ਸਰਕਾਰ, ਇਸ ਵਰਤਾਰੇ ਦੀਆਂ ਸਭ ਤੋਂ ਭੱਦੀਆਂ ਮਿਸਾਲਾਂ 'ਚੋਂ ਇਕ ਹੈ। ਉਕਤ ਲੁੱਟ ਖਿਲਾਫ ਖੜ੍ਹੇ ਹੋਣ ਵਾਲੇ ਹਰ ਪੱਧਰ ਦੇ ਪ੍ਰਤੀਰੋਧ ਨੂੰ ਮੁੱਢੋਂ ਹੀ ਦਬਾ ਦੇਣ ਦੇ ਇਰਾਦੇ ਨਾਲ ਸਥਾਪਤ ਜਮਹੂਰੀ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕੀਤਾ ਜਾ ਰਿਹਾ ਹੈ। ਸੰਵਿਧਾਨਕ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਵਿਧਾਨਕ ਸੋਧਾਂ ਤੋਂ ਬਿਨਾਂ ਵੀ ਤਾਨਾਸ਼ਾਹੀ ਦਾ ਕਹਿਰ ਵਰਤਾਇਆ ਜਾ ਰਿਹਾ ਹੈ। ਇਹ ਅੱਜ ਅਜੋਕੇ ਦੌਰ ਦੀ ਨਵੀਂ ਅਤੇ ਉਸਤੋਂ ਵੀ ਕਿਤੇ ਵੱਧ ਜ਼ਾਲਿਮ ਕਿਸਮ ਦੀ ਐਮਰਜੈਂਸੀ ਹੈ। ਐਮਰਜੈਂਸੀ ਵਾਂਗੂ ਮੀਡੀਆ (NDTV ਆਦਿ) ਨੂੰ ਦਬਾਇਆ ਵੀ ਜਾ ਰਿਹਾ ਹੈ, ਪਰ ਕਿਤੇ ਵਧੇਰੇ ਮਾਤਰਾ 'ਚ ਪੈਸੇ ਦੇ ਜ਼ੋਰ 'ਤੇ ਮੀਡੀਆ ਦੀ ਅਵਾਜ ਖਰੀਦ ਹੀ ਲਈ ਗਈ ਹੈ।
ਸਭਾ ਦੇ ਆਗੂਆਂ ਨੇ ਇਸ ਗੱਲ 'ਤੇ ਭਰਵੀਂ ਵਿਚਾਰ-ਚਰਚਾ ਕੀਤੀ ਕਿ ਇਸ ਹਾਲਾਤ ਜਮਹੂਰੀ, ਬਰਾਬਰਤਾ ਅਧਾਰਤ, ਧਰਮ ਨਿਰਪੱਖ, ਵਿਗਿਆਨਕ ਵਿਚਾਰਾਂ 'ਤੇ ਕਿੰਝ ਡੱਟ ਕੇ ਪਹਿਰਾ ਦਿੱਤਾ ਜਾਵੇ ਅਤੇ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਜਿਵੇਂ ਬੇਰੋਜ਼ਗਾਰੀ, ਅਨਪੜ੍ਹਤਾ, ਇਲਾਜ ਖੁਣੋਂ ਮੌਤਾਂ, ਬੇਘਰਿਆਂ ਦੀ ਨਿੱਤ ਵੱਧ ਰਹੀ ਤਾਦਾਦ, ਸੱਭਿਆਚਾਰਕ ਨਿਘਾਰ ਹਕੂਮਤੀ ਲੁੱਟ ਦਾ ਜਰੀਆ ਨਸ਼ਾਖੋਰੀ ਆਦਿ ਵਿਰੁੱਧ ਇਕ ਵਿਸ਼ਾਲ ਨੌਜਵਾਨ ਲਹਿਰ ਉਸਾਰੀ ਜਾਵੇ।
ਸਟੱਡੀ ਸਰਕਲ ਨੂੰ ਢੁੱਕਵੀਂ ਸੇਧ ਦੇਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਮਹੂਰੀ ਲਹਿਰ ਦੇ ਉਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ।
ਸਾਰਾ ਸਟੱਡੀ ਸਰਕਲ ਸਭਾ ਦੇ ਆਗੂਆਂ ਜਸਵਿੰਦਰ ਸਿੰਘ ਢੇਸੀ, ਮਨਦੀਪ ਸਿੰਘ ਰਤੀਆ, ਬਲਦੇਵ ਸਿੰਘ ਪੰਡੋਰੀ ਅਤੇ ਅਜੈ ਫਿਲੌਰ, ਮਨਜਿੰਦਰ ਢੇਸੀ, ਮਨਦੀਪ ਕੌਰ ਸ਼ਕਰੀ ਦੀ ਦੇਖ ਰੇਖ 'ਚ ਚੱਲਿਆ।
ਜਾਰੀ ਕਰਤਾ
(ਮਨਦੀਪ ਰਤੀਆ)

Tuesday, 13 June 2017

ਮਹਿਲਾ ਪੁਲਸ ਕਰਮੀ ਨਾਲ ਸਬੰਧਤ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਉਪਰੰਤ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ

ਜਲੰਧਰ , 13 ਜੂਨ - ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਸਹਿਕਰਮੀਆਂ ਦੇ ਮਾੜੇ ਵਤੀਰੇ ਤੋਂ ਅੱਕ ਕੇ ਜਾਨ ਗੁਆਉਣ ਵਾਲੀ, ਮਹਿਲਾ ਪੁਲਸ ਕਰਮੀ, ਅਮਨਪ੍ਰੀਤ ਕੌਰ ਨਾਲ ਸਬੰਧਤ ਸਮੁੱਚੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਉਪਰੰਤ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਨੇ ਕੁੱਝ ਸਮਾਂ ਪਹਿਲਾਂ ਡੀ.ਐਸ.ਪੀ. ਕੋਲ ਆਪਣੇ ਥਾਣੇ ਜੋਧਾਂ ਦੇ ਮੁਨਸ਼ੀ ਖਿਲਾਫ ਦੁਰਵਿਹਾਰ ਅਤੇ ਮਾੜੀ ਮੰਸ਼ਾਂ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਅਧਾਰ 'ਤੇ ਅਮਨਪ੍ਰੀਤ ਦੀ ਬਦਲੀ ਕਿਸੇ ਹੋਰ ਥਾਣੇ ਵਿਚ ਕਰ ਦਿੱਤੀ ਗਈ ਸੀ। ਪਰ ਪਤਾ ਨਹੀਂ ਕਿਸ ਕਾਰਣ ਉਸ ਨੂੰ ਫਿਰ ਥਾਣਾਂ ਜੋਧਾਂ ਵਿਖੇ ਹੀ ਤਾਇਨਾਤ ਕਰ ਦਿੱਤਾ ਗਿਆ। ਜਾਪਦਾ ਹੈ ਕਿ ਜੋਧਾਂ ਥਾਣੇ ਵਿਖੇ ਮੁੜ ਲਾਏ ਜਾਣ ਦੀ ਇਹ ਘਟਨਾ ਅਮਨਪ੍ਰੀਤ ਲਈ ਜਾਨ ਦਾ ਖੌਅ ਬਣ ਗਈ। 
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਸਭਾ ਦੀ ਪ੍ਰਧਾਨ ਬੀਬੀ ਦਰਸ਼ਨ ਕੌਰ ਅਤੇ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਨੇ ਕਿਹਾ ਕਿ ਕੰਮਕਾਜੀ ਬੀਬੀਆਂ ਤੇ ਉਹ ਵੀ ਪੁਲਸ ਕਰਮਚਾਰੀ ਘੋਰ ਅਸੁਰੱਖਿਆ ਵਾਲੇ ਮਾਹੌਲ 'ਚ ਕੰਮ ਕਰ ਰਹੀਆਂ ਹਨ, ਜਿਸ ਦਾ ਪ੍ਰਗਟਾਵਾ ਅਮਨਪ੍ਰੀਤ ਦੇ ਸਵੈਘਾਤ ਤੋਂ ਜਾਹਿਰ ਹੁੰਦਾ ਹੈ। ਇਸਤਰੀ ਆਗੂਆਂ ਨੇ ਦੋਸ਼ੀਆਂ ਨੂੰ ਤੁਰੰਤ ਡਿਸਮਿਸ ਕੀਤੇ ਜਾਣ ਦੀ ਵੀ ਮੰਗ ਕੀਤੀ।  ਬੀਬੀ ਦਰਸ਼ਨ ਕੌਰ ਅਤੇ ਨੀਲਮ ਘੁਮਾਣ ਨੇ ਅੱਗੋਂ ਕਿਹਾ ਕਿ ਵੱਖੋ ਵੱਖ ਵੰਨਗੀ ਦੀਆਂ ਸਰਕਾਰਾਂ ਹਰ ਖੇਤਰ 'ਚ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀਆਂ ਡੀਂਗਾਂ ਬੇਸ਼ੱਕ ਜਿੰਨੀਆਂ ਮਰਜ਼ੀ ਮਾਰੀਆਂ ਜਾਣ ਪਰ ਦੇਸ਼ ਦੇ ਸਾਰੇ ਭਾਗਾਂ 'ਚ ਔਰਤਾਂ ਨਾਲ ਹੋ ਰਹੇ ਜਿਣਸੀ ਅੱਤਿਆਚਾਰ ਜ਼ਮੀਨੀ ਕਰੂਰ ਹਾਲਤਾਂ ਬਿਆਨ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਕੰਮ ਥਾਵਾਂ ਬਲਕਿ ਘਰਾਂ ਵਿਚ ਵੀ ਔਰਤਾਂ, ਖਾਸ ਕਰ ਬਾਲੜੀਆਂ ਆਰਥਕ ਸ਼ੋਸ਼ਣ ਤੋਂ ਇਲਾਵਾ ਲਿੰਗਕ ਵਿਤਕਰੇ ਅਤੇ ਵਾਸਣਾ 'ਚੋਂ ਉਪਜੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਸਤਰੀ ਆਗੂਆਂ ਨੇ ਸਮੂਹ ਔਰਤਾਂ ਨੂੰ ਉਕਤ ਵਰਤਾਰੇ ਵਿਰੁੱਧ ਹਰ ਪੱਧਰ 'ਤੇ ਵੱਖੋ ਵੱਖ ਢੰਗਾਂ ਨਾਲ ਆਵਾਜ਼ ਬੁਲੰਦ ਕਰਨ ਅਤੇ ਸੰਗਰਾਮਾਂ 'ਚ ਨਿੱਤਰਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸਭਾ ਵਲੋਂ ਉਕਤ ਜਾਲਮਾਨਾ ਰਵੱਈਏ ਵਿਰੁੱਧ ਥਾਂ ਪੁਰ ਥਾਂ ਮੁਜ਼ਾਹਰੇ, ਰੈਲੀਆਂ, ਮੀਟਿੰਗਾਂ, ਜੱਥਾ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਦੀ ਸ਼ੁਰੂਆਤ ਕਸਬਾ ਘੁਮਾਣ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਰਾਹੀਂ ਕੀਤੀ ਜਾਵੇਗੀ।
ਭੈਣ ਦਰਸ਼ਨ ਕੌਰ ਅਤੇ ਸਾਥੀ ਨੀਲਮ ਘੁਮਾਣ ਵਲੋਂ ਸਮੁੱਚੀ ਜਮਹੂਰੀ ਲਹਿਰ ਨੂੰ ਉਕਤ ਵਰਤਾਰੇ ਵਿਰੁੱਧ ਸੰਗਰਾਮ ਸਿਰਜਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ 'ਚ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਨਾ ਕੇਵਲ ਔਰਤਾਂ ਦੀ ਚੌਤਰਫ਼ਾ ਲੁੱਟ ਤਿੱਖੀ ਹੋਈ ਹੈ ਬਲਕਿ ਸਰਕਾਰੀ ਥਾਪੜਾ ਪ੍ਰਾਪਤ ਫਿਰਕੂ ਮਧਯੁੱਗੀ ਸੋਚ ਨਾਲ ਡੰਗੇ, ਮਨੂੰਵਾਦ ਦੀ ਮੁੜ ਕਾਇਮੀ ਲਈ ਯਤਨਸ਼ੀਲ ਸੰਘੀ ਅਨਸਰਾਂ ਵਲੋਂ ਔਰਤਾਂ ਖਿਲਾਫ਼ ਜਿਣਸੀ ਹਿੰਸਾ ਦੇ ਵੀ ਸਾਰੇ ਰਿਕਾਰਡ ਮਾਤ ਪਾ ਦਿੱਤੇ ਗਏ ਹਨ।
(ਨੀਲਮ ਘੁਮਾਣ)

Wednesday, 7 June 2017

ਦਿਹਾਤੀ ਮਜ਼ਦੂਰ ਸਭਾ ਦੀ ਕਨਵੈਨਸ਼ਨ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ 'ਤੇ ਹੋਈ ਚਰਚਾ

ਦਿਹਾਤੀ ਮਜ਼ਦੂਰ ਸਭਾ ਦੀ ਕਨਵੈਨਸ਼ਨ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ 'ਤੇ ਹੋਈ ਚਰਚਾ




 
ਜਲੰਧਰ, 7 ਜੂਨ -     ਦਿਹਾਤੀ ਮਜ਼ਦੂਰ ਸਭਾ ਵਲੋਂ ਇਕ ਸੂਬਾਈ ਨੁਮਾਇੰਦਾ ਕਨਵੈਨਸ਼ਨ, ਅੱਜ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਸਰਵ ਸਾਥੀ ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਵਿਚ ਹੋਈ ਇਸ ਕਨਵੈਨਸ਼ਨ ਦੇ ਉਦੇਸ਼ਾਂ 'ਤੇ ਰੌਸ਼ਨੀ ਪਾਉਂਦਾ ਪਹੁੰਚ ਪੱਤਰ ਸਾਥੀ ਗੁਰਨਾਮ ਸਿੰਘ ਦਾਊਦ ਵਲੋਂ ਪੇਸ਼ ਕੀਤਾ ਗਿਆ। ਪਹੁੰਚ ਪੱਤਰ ਵਿਚ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਉਨ੍ਹਾਂ ਨਾਲ ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ, ਕੇਂਦਰੀ ਅਤੇ ਸੂਬਾਈ ਸਰਕਾਰ ਵਲੋਂ ਕੀਤੇ ਚੋਣ ਵਾਅਦਿਆਂ ਤੋਂ ਮੁਕਰਨ ਆਦਿ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ।
ਪਹੁੰਚ ਪੱਤਰ ਵਿਚ ਇਹ ਗੱਲ ਵਿਸੇਸ਼ ਤੌਰ 'ਤੇ ਉਭਾਰੀ ਗਈ ਕਿ ਘੋਰ ਜਾਤੀਪਾਤੀ ਵੰਡ ਦੀ ਹਮਾਇਤੀ ਮੰਨੂੰ ਸਮਿਰਤੀ ਨੂੰ ਮੁੜ ਲਾਗੂ ਕੀਤੇ ਜਾਣ ਦੇ ਮੁੱਦਈ ਆਰ.ਐਸ.ਐਸ. ਤੋਂ ਸੇਧ ਲੈ ਕੇ ਚੱਲਣ ਵਾਲੀ ਭਾਜਪਾ ਦੀ ਕੇਂਦਰ ਅਤੇ ਸੂਬਿਆਂ ਵਿਚ ਹਕੂਮਤ ਕਾਇਮ ਹੋਣ ਤੋਂ ਬਾਅਦ ਦਲਿਤਾਂ 'ਤੇ ਜਾਤੀਵਾਦੀ ਜ਼ੁਲਮਾਂ 'ਚ ਤੇਜੀ ਆਈ ਹੈ।
ਪਹੁੰਚ ਪੱਤਰ ਵਿਚ ਇਹ ਨੁਕਤਾ ਉਚੇਚ ਨਾਲ ਉਭਾਰਿਆ ਗਿਆ ਕਿ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੀ ਸਭ ਤੋਂ ਵਧੇਰੇ ਮਾਰ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੇ ਝੱਲੀ ਹੈ।
ਪਹੁੰਚ ਪੇਪਰ ਵਿਚ ਹਾਜਰ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਉਕਤ ਮਜ਼ਦੂਰ ਦੋਖੀ ਵਰਤਾਰੇ ਦੇ ਖਾਤਮੇ ਅਤੇ ਹੋਰ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੜਾਅਵਾਰ ਸੰਘਰਸ਼ਾਂ ਦੀ ਉਸਾਰੀ ਲਈ ਜੁਟ ਜਾਣ। ਇਹ ਵੀ ਸੱਦਾ ਦਿੱਤਾ ਗਿਆ ਕਿ ਸੂਬੇ ਅਤੇ ਦੇਸ਼ ਵਿਚ ਪੇਂਡੂ 'ਤੇ ਖੇਤ ਮਜ਼ਦੂਰਾਂ 'ਚ ਕੰਮ ਕਰਦੀਆਂ ਹੋਰਨਾਂ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਸਾਂਝੇ ਸੰਗਰਾਮਾਂ ਵੱਲ ਵਧਿਆ ਜਾਵੇ। ਸਾਥੀ ਲਾਲ ਚੰਦ ਕਟਾਰੂਚੱਕ, ਮਹੀਪਾਲ, ਜਸਪਾਲ ਝਬਾਲ, ਜਗਜੀਤ ਜੱਸੇਆਣਾ, ਪਰਮਜੀਤ ਰੰਧਾਵਾ ਨੇ ਪਹੁੰਚ ਪੇਪਰ ਵਿਚ ਸੁਝਾਈ ਗਈ ਸਮੁੱਚੀ ਸੇਧ ਦਾ ਸਮਰਥਨ ਕੀਤਾ। ਹਾਜਰ ਪ੍ਰਤੀਨਿਧਾਂ ਵਲੋਂ ਸਰਵਸੰਮਤੀ ਨਾਲ ਝੋਨੇ ਦੀ ਲੁਆਈ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਪਹੁੰਚ ਪੱਤਰ ਦੀ ਭਾਵਨਾ ਅਨੁਸਾਰ ਬਲਾਕ ਪੱਧਰ ਤੋਂ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ।
ਕਨਵੈਨਸ਼ਨ ਵਿਚ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਨਵੈਨਸ਼ਨ ਦੇ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉਕਤ ਪਹੁੰਚ ਪੇਪਰ ਵਿਚ ਦਰਜ ਮੰਗਾਂ/ਮਸਲਿਆਂ ਪ੍ਰਤੀ ਪੂਰੀ ਇਕਮੁੱਠਤਾ ਜਾਹਿਰ ਕਰਦੀ ਹੈ ਅਤੇ ਪਾਰਟੀ ਵਲੋਂ ਵੀ ਉਕਤ ਸੇਧ ਵਿਚ ਸੰਗਰਾਮ ਉਲੀਕੇ ਜਾਣਗੇ।
ਅਰੰਭ ਵਿਚ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਹੁਕਮਾਂ 'ਤੇ ਹੋਈ ਗੋਲੀਬਾਰੀ ਵਿਚ ਸ਼ਹੀਦ ਹੋਏ ਮੰਦਸੌਰ ਦੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਕ ਮਤੇ ਰਾਹੀਂ ਸੈਂਚੂਰੀ ਪਲਾਈਵੁੱਡ ਦੌਲੋਵਾਲ ਦੇ ਮਾਲਕਾਂ ਦੇ ਪਾਲੇ ਗੁੰਡਿਆਂ ਵਲੋਂ ਸੰਘਰਸ਼ ਕਮੇਟੀ ਦੀ ਮਹਿਲਾ ਆਗੂ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖਤ ਸ਼ਜਾਵਾਂ ਦੇਣ ਦੀ ਮੰਗ ਕੀਤੀ ਗਈ।
ਇਕ ਹੋਰ ਮਤੇ ਰਾਹੀਂ ਐਨ.ਡੀ.ਟੀ.ਵੀ. ਨਿਊਜ਼ ਚੈਨਲ ਅਤੇ ਹੋਰਨਾਂ ਸੂਚਨਾ ਮਾਧਿਅਮ ਦੀ ਅਵਾਜ਼ ਬੰਦ ਕਰਨ ਲਈ ਕੀਤੇ ਜਾ ਰਹੇ ਸਰਕਾਰੀ ਹੱਲਿਆਂ ਦੀ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਤੋਂ ਬਾਅਦ ਦਲਿਤਾਂ 'ਤੇ ਥਾਂ ਪੁਰ ਥਾਂ ਹੋ ਰਹੇ ਜਾਤੀਵਾਦੀ ਜ਼ੁਲਮਾਂ ਖਿਲਾਫ਼ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ। 


(ਗੁਰਨਾਮ ਸਿੰਘ ਦਾਊਦ)

Monday, 22 May 2017

ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ ਤਹਿਤ 7-8 ਜੂਨ ਨੂੰ ਮੁਜ਼ਾਹਰੇ ਕਰਨ ਦਾ ਸੱਦਾ

ਜਲੰਧਰ  22 ਮਈ- ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਨੂੂੰ ਤੇਜ਼ ਕਰਦਿਆਂ 7 ਅਤੇ 8 ਜੂਨ ਨੂੰ ਕਿਸਾਨੀਂ ਮੰਗਾਂ ਦੀ ਪ੍ਰਾਪਤੀ ਲਈ ਤਹਿਸੀਲ/ਜ਼ਿਲ੍ਹਾ ਕੇਂਦਰਾਂ ਤੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ। ਇਹ ਫੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾਈ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਹਾਕਮਾਂ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਕਾਰਨ  ਚੜ੍ਹੇ ਕਰਜ਼ੇ ਹੇਠ ਦੱਬੇ ਕਿਸਾਨ ਮਜ਼ਦੂਰ ਮਜ਼ਬੂਰੀ ਵੱਸ ਖੁਦਕੁਸ਼ੀਆਂ ਕਰ ਰਹੇ ਹਨ। ਖੁਦਕੁਸ਼ੀਆਂ ਵਿਚ ਹੋ ਰਿਹਾ ਵਾਧਾ ਡੂੰਘੀ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ ਵਲੋਂ ਦੇਸ਼ ਦੇ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜਾਂ ਰੁਪਏ ਦੇ ਟੈਕਸ ਅਤੇ ਕਰਜਾ ਮੁਆਫੀ ਚੁੱਪ ਚੁਪੀਤੇ ਦੇ ਦਿੱਤੀ ਜਾਂਦੀ ਹੈ। ਪ੍ਰੰਤੂ ਕਿਸਾਨਾਂ ਮਜ਼ਦੂਰਾਂ ਨਾਲ ਚੋਣਾਂ ਵਿਚ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਵੋਟਾਂ ਰਾਹੀਂ ਸੱਤਾ ਪ੍ਰਾਪਤ ਕਰਕੇ ਕਰਜ਼ਾ ਮੁਆਫ ਕਰਨ ਦੀ ਬਜਾਇ ਕਮੇਟੀ ਗਠਤ ਕਰਕੇ ਟਾਲਮਟੋਲ ਕੀਤਾ ਜਾ ਰਿਹਾ ਹੈ।
ਸਾਥੀ ਸੰਧੂ ਨੇ ਕਿਸਾਨਾਂ ਦੀਆਂ ਫਸਲਾਂ ਬਾਸਮਤੀ, ਆਲੂ, ਮਟਰ, ਸਬਜੀਆਂ ਆਦਿ ਦੀ ਹੋ ਰਹੀ ਬੇਕਦਰੀ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਸੰਕਟ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮੇਂ ਕਿਸਾਨ ਪੱਖੀ ਵਾਤਾਵਰਣ ਪੱਖੀ ਅਤੇ ਪਾਣੀ ਬਚਾਉਣ ਲਈ ਬਦਲਵੀ ਖੇਤੀ ਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਚੋਣ ਵਾਅਦਾ ਕਰਕੇ ਆਈ ਸੀ ਕਿ ਫਸਲਾਂ ਦੇ ਭਾਅ ਦੀ ਗਰੰਟੀ ਲਈ ਡਾ. ਸਵਾਮੀਨਾਥਨ ਦਾ ਫਾਰਮੂਲਾ ਲਾਗੂ ਕੀਤਾ ਜਾਵੇਗਾ ਪ੍ਰੰਤੂ ਹੁਣ ਪ੍ਰਾਈਵੇਟ ਅਤੇ ਖੁਲ੍ਹੀ ਖੇਤੀ ਰਾਹੀਂ ਕਿਸਾਨਾਂ ਦੀ ਲੁੱਟ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਸਾਥੀ ਸੰਧੂ ਨੇ ਦੱਸਿਆ ਕਿ 7 ਅਤੇ 8 ਜੂਨ ਦੇ ਧਰਨਿਆਂ ਵਿਚ ਦਿੱਤੇ ਜਾ ਰਹੇ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਜਾਵੇਗੀ ਕਿ ਗਰੀਬ ਅਤੇ ਦਰਮਿਆਨੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ। ਕਿਸਾਨੀ ਜਿਣਸਾਂ ਦੇ ਭਾਅ ਲਾਗਤ ਖਰਚੇ ਘਟਾ ਕੇ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦਿੱਤੇ ਜਾਣ। ਕਿਸਾਨਾਂ ਲਈ ਘੱਟ ਵਿਆਜ ਤੇ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇ। ਖੇਤੀ ਅਧਾਰਤ ਸਨਅਤਾਂ ਲਾ ਕੇ ਅਤੇ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੀ ਮੁੜ ਉਸਾਰੀ ਰਾਹੀਂ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਧਰਤੀ ਹੇਠਲੇ ਪਾਣੀ ਦੀ ਬਚਤ ਲਈ ਹਰ ਖੇਤ ਤੱਕ ਨਹਿਰੀ ਪਾਣੀ ਪੁਜਦਾ ਕੀਤਾ ਜਾਵੇ। ਮਾਝੇ ਦੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕੀਤੀ ਜਾਵੇ। ਬਾਰਸ਼ਾਂ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ। ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਵਿੰਟਲ ਕੀਤਾ ਜਾਵੇ ਅਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਦੀ ਰਾਖੀ ਲਈ ਕਣਕ ਦਾ ਨਾੜ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਸਹਾਇਤਾ ਅਤੇ ਸੜੀ ਕਣਕ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ। ਰਹਿੰਦ ਖੂੰਹਦ ਨੂੰ ਖੇਤਾਂ ਵਿਚ ਸਮਾਉਣ ਲਈ ਖੇਤੀ ਸੰਦ ਸਕਰਾਰ ਮੁਹੱਈਆ ਕਰੇ। ਢੁਕਵੀਂ ਜਾਗਰਤੀ ਅਤੇ ਬਦਲਵੇਂ ਪ੍ਰਬੰਧਾਂ ਦੀ ਅਣਹੋਂਦ ਕਾਰਨ ਕਿਸਾਨਾਂ ਸਿਰ ਪਾਏ ਜ਼ੁਰਮਾਨੇ ਅਤੇ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਖੇਤੀ ਵਰਤੋਂ ਲਈ 16 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ।
ਇਕ ਵੱਖਰੇ ਮਤੇ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਘੁੱਗ ਵਸਤੇ ਪਿੰਡ ਦੋਲੋਵਾਲ ਵਿਚ ਜ਼ਹਿਰੀਲੀਆਂ ਗੈਸਾਂ ਪੈਦਾ ਕਰਨ ਵਾਲੀ ਵਾਤਾਵਰਨ ਵਿਰੋਧੀ ਅਤੇ ਮਨੁੱਖਤਾ ਤੇ ਮਾਰੂ ਅਸਰ ਕਰਨ ਵਾਲੀ ਸੈਂਚੁਰੀ ਪਲਾਈਵੁੱਡ ਫੈਕਟਰੀ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਕਰਦਿਆਂ ਸੰਘਰਸ਼ ਕਰ ਰਹੇ ਲੋਕਾਂ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ।

(ਕੁਲਵੰਤ ਸਿੰਘ ਸੰਧੂ)

Friday, 5 May 2017

ਬਾਰਡਰ ਏਰੀਆ ਕਿਸਾਨ ਸੰਘਰਸ਼ ਕਮੇਟੀ ਨੇ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਮੁੱਦੇ ਚੁੱਕੇ

ਜਲੰਧਰ, 5 ਮਈ - ਬਾਰਡਰ ਏਰੀਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਆਈ.ਜੀ. ਬਾਰਡਰ ਸੁਰੱਖਿਆ ਬਲ ਜਲੰਧਰ ਦੇ ਦਫਤਰ ਵਿਚ ਹੋਈ। ਇਸ ਵਿਚ ਆਈ.ਜੀ. ਬਾਰਡਰ ਸੁਰੱਖਿਆ ਬਲ ਤੋਂ ਬਿਨਾਂ ਹੋਰ ਵੀ ਕਈ ਅਧਿਕਾਰੀ ਸ਼ਾਮਲ ਹੋਏ। ਜਥੇਬੰਦੀ ਵਲੋਂ ਸੂਬਾ ਪ੍ਰਧਾਨ ਅਰਸਾਲ ਸਿੰਘ ਸੰਧੂ, ਸੂਬਾ ਸਕੱਤਰ ਰਤਨ ਸਿੰਘ ਰੰਧਾਵਾ, ਜਾਇੰਟ ਸਕੱਤਰ ਰਘਬੀਰ ਸਿੰਘ ਪਕੀਵਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂ ਮਾਨ ਸਿੰਘ ਮੁਹਾਵਾ, ਤਰਨ ਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ, ਗੁਰਦਾਸਪੁਰ ਤੋਂ ਜਿਲ੍ਹਾ ਪ੍ਰਧਾਨ ਜਗੀਰ ਸਿੰਘ ਸਲਾਚ, ਸਕੱਤਰ ਦਰਸ਼ਨ ਸਿੰਘ ਡੇਹਰੀਵਾਲ, ਫਿਰੋਜ਼ਪੁਰ ਤੋਂ ਹਰੀ ਓਮ ਧਵਨ, ਭਗਵਾਨ ਸਿੰਘ, ਮੱਖਣ ਸਿੰਘ ਗਜਨੀਵਾਲਾ ਅਤੇ ਫਾਜਿਲਕਾ ਜ਼ਿਲ੍ਹੇ ਤੋਂ ਸਾਥੀ ਰਮੇਸ਼ ਵਡੇਰਾ ਸ਼ਾਮਲ ਹੋਏ। ਮੀਟਿੰਗ ਬਹੁਤ ਸੁਖਾਵੇ ਮਾਹੌਲ ਵਿਚ ਹੋਈ ਅਤੇ ਹੇਠ ਲਿਖੇ ਫੈਸਲੇ ਕੀਤੇ ਗਏ :
1. ਫਸਲਾਂ ਦੀ ਬਿਜਾਈ ਅਤੇ ਕਟਾਈ ਸਮੇਂ ਕਿਸਾਨਾਂ ਨੂੰ ਤਾਰ ਤੋਂ ਪਾਰ ਕੰਮ ਕਰਨ ਲਈ ਆਮ ਨਾਲੋਂ ਵੱਧ ਸਮਾਂ ਦਿੱਤਾ ਜਾਵੇਗਾ ਅਤੇ ਇਹ ਸਵੇਰੇ 8 ਵਜੇ ਤੋਂ 6 ਵਜੇ ਤੱਕ ਹੋਵੇਗਾ।
2. ਪਿੰਡਾਂ ਨੂੰ ਲੱਗਦੇ ਸਾਰੇ ਸਰਹੱਦੀ ਗੇਟ ਵੱਧ ਤੋਂ ਵੱਧ ਗਿਣਤੀ ਵਿਚ ਖੋਲੇ ਜਾਇਆ ਕਰਨਗੇ।
3. ਕਿਸਾਨਾਂ ਨੂੰ ਤਾਰ ਤੋਂ ਪਾਰਲੇ ਪਾਸੇ ਨਾਲ ਲੱਗਦੇ 14 ਫੁੱਟ ਰਾਹ 'ਤੇ ਲੰਘਣ ਦੀ ਪੂਰੀ ਆਗਿਆ ਹੋਵੇਗੀ। ਇਸੇ ਤਰ੍ਹਾਂ ਭਾਰਤ ਵਾਲੇ ਪਾਸੇ ਦੀ 14 ਫੁੱਟ ਰਸਤੇ ਦੀ ਵਰਤੋਂ ਵੀ ਕਰ ਸਕਣਗੇ। ਭਾਰਤ ਵਾਲੇ ਪਾਸੇ ਕਿਸਾਨਾਂ ਨੂੰ ਵੱਧ ਤੋਂ ਵੱਧ 56 ਤੋਂ 75 ਰਕਬੇ ਵਿਚ ਉਚੀ ਫਸਲ ਬੀਜਣ ਦੀ ਮਨਾਹੀ ਹੋਵੇਗੀ।
4. ਕਿਸਾਨਾਂ ਨੂੰ ਤਾਰ ਤੋਂ ਪਾਰ ਆਪਣੇ ਖੇਤਾਂ ਵਿਚ ਗੰਨਾ, ਚਰੀ ਅਤੇ ਮੱਕੀ ਦੀ ਫਸਲਾਂ ਨੂੰ ਛੱਡਕੇ ਬਾਕੀ ਸਾਰੀਆਂ ਫਸਲਾਂ ਬੀਜਣ ਦੀ ਆਗਿਆ ਹੋਵੇਗੀ। ਕੁਝ ਵਾਦ ਵਿਵਾਦ ਵਾਲੀਆਂ ਫਸਲਾਂ ਬਾਰੇ ਖੇਤੀ ਬਾੜੀ ਮਹਿਕਮੇ ਦੀ ਰਾਏ ਲਈ ਜਾਵੇਗੀ।
5. ਸਰਹੱਦੀ ਤਾਰ ਦੁਬਾਰਾ ਲਾਏ ਜਾਣ ਵੇਲੇ ਤਹਿਸ਼ੁਦਾ ਨਿਯਮ ਦੀ ਪਾਲਣਾ ਕੀਤੀ ਜਾਵੇਗੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਲਾਚ ਦੇ ਸਾਹਮਣੇ ਤਾਰ ਦਰਿਆ ਰਾਵੀ ਤੋਂ ਪਾਰ ਲੈ ਜਾਣ ਦੀ ਤਜ਼ਵੀਜ਼ ਛੇਤੀ ਤੋਂ ਛੇਤੀ ਲਾਗੂ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਲੋੜੀਂਦੀਆਂ ਥਾਵਾਂ 'ਤੇ ਦਰਿਆਵਾਂ 'ਤੇ ਪਲਟੂਨ ਪੁਲ ਬਣਾਏ ਜਾਣਗੇ ਜਿਹਨਾਂ ਇਲਾਕਿਆਂ ਵਿਚ ਸਰਹੱਦੀ ਤਾਰ ਨਵੇਂ ਥਾਂ ਲੱਗ ਚੁੱਕੀ ਹੈ ਉਥੋਂ ਪੁਰਾਣੀ ਤਾਰ ਹਟਾ ਲਈ ਜਾਵੇਗੀ।
6. ਕਿਸਾਨਾਂ ਦੇ ਸ਼ਨਾਖਤੀ ਕਾਰਡ ਬਟਾਲੀਅਨ ਦੀ ਤਾਇਨਾਤੀ ਤੱਕ ਜਾਰੀ ਰਹਿਣਗੇ। ਬਟਾਲੀਅਨ ਬਦਲਣ ਨਾਲ ਕਾਰਡ ਨਵਿਆਏ ਜਾਣਗੇ, ਪਰ ਇਸ ਲਈ ਕਿਸਾਨਾਂ ਨੂੰ ਜ਼ਮੀਨ ਦੀ ਫਰਦ ਆਦਿ ਦੇਣ ਦੀ ਲੋੜ ਨਹੀਂ ਹੋਵੇਗੀ ਅਤੇ ਪੁਲਸ ਦੀ ਵੈਰੀਫਿਕੇਸ਼ਨ ਕਰਾਉਣ ਦੀ ਜ਼ਿੰਮੇਵਾਰੀ ਵੀ ਬੀ.ਐਸ.ਐਫ. ਅਧਿਕਾਰੀਆਂ ਦੀ ਹੀ ਹੋਵੇਗੀ।
7. ਨਸ਼ੇ ਦੇ ਸਮਗਲਰਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਜਥੇਬੰਦੀ ਵਲੋਂ ਜ਼ੋਰਦਾਰ ਸਮਰਥਨ ਕੀਤਾ ਗਿਆ। ਅਧਿਕਾਰੀਆਂ ਨੇ ਵਿਸ਼ਵਾਸ਼ ਦਿੱਤਾ ਕਿ ਕਿਸੇ ਬੇਕਸੂਰ ਕਿਸਾਨ ਨੂੰ ਇਸ ਬਾਰੇ ਤੰਗ ਅਤੇ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
8. ਬੀ.ਐਸ.ਐਫ. ਦੀਆਂ ਸਾਰੀਆਂ ਪਿਕਟਾਂ ਤੱਕ ਪੱਕੀਆਂ ਸੜਕਾਂ ਬਣਾਈਆਂ ਜਾਣਗੀਆਂ।
9. ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਹਰ ਬੀ.ਐਸ.ਐਫ. ਪਿਕਟ ਤੇ ਕੰਪਨੀ ਕਮਾਂਡਰ ਕਿਸਾਨਾਂ ਨਾਲ ਮੀਟਿੰਗ ਕਰਨਗੇ। ਇਸੇ ਤਰ੍ਹਾਂ ਹਰ ਤੀਜੇ ਮਹੀਨੇ ਦੀ 15 ਤਰੀਖ ਨੂੰ ਬਟਾਲੀਅਨ ਦੇ ਕਮਾਂਡਰ ਕਿਸਾਨਾਂ ਦੀਆਂ ਮੀਟਿੰਗਾਂ ਕਰਨਗੇ।
ਮੀਟਿੰਗ ਪਿੱਛੋਂ ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਇਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਹੇਠਲੀ ਪੱਧਰ 'ਤੇ ਪੂਰੀ ਸਰਗਰਮੀ ਨਾਲ ਕੰਮ ਕਰਨਗੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ  ਜਿਨ੍ਹਾਂ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਚ ਕਿਸਾਨਾਂ ਨੂੰ ਤਾਰ ਤੋਂ ਪਾਰ ਵਾਲੀ ਜ਼ਮੀਨ ਦਾ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਜੇ ਨਹੀਂ ਮਿਲਿਆ, ਉਹ ਦਿੱਤਾ ਜਾਵੇ।

ਜਾਰੀ ਕਰਤਾ
(ਰਤਨ ਸਿੰਘ ਰੰਧਾਵਾ)

Saturday, 15 April 2017

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਚੋਣਾਂ: ਨਾਮਜ਼ਦਗੀਆਂ 16 ਅਪ੍ਰੈਲ ਨੂੰ

ਜਲੰਧਰ, 15 ਅਪ੍ਰੈਲ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ ਜਥੇਬੰਦਕ ਚੋਣਾਂ ਦਾ ਜਾਇਜਾ ਲੈਣ ਲਈ ਅਤੇ ਇਹ ਚੋਣਾਂ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਯੂਨੀਅਨ ਦੇ ਸਕੱਤਰ ਸ਼ਿਵ ਕੁਮਾਰ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਚੋਣਾਂ ਦੇ ਸੰਬੰਧ ਵਿੱਚ 16 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਜ਼ਿਲਾ ਕੇਂਦਰਾਂ 'ਤੇ ਬਲਾਕ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਚੋਣਾਂ ਵਿੱਚ ਭਾਗ ਲੈਣ ਲਈ ਆਪਣੀਆਂ-ਆਪਣੀਆਂ ਨਾਮਜਦਗੀਆਂ ਭਰਨਗੇ ਅਤੇ 23 ਅਪ੍ਰੈਲ ਨੂੰ ਚੋਣਾਂ ਲਈ ਵੋਟਾਂ ਪੈਣਗੀਆਂ। ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਚੋਣਾਂ ਦੇ ਸੰਬੰਧ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਮੈਂਬਰਸ਼ਿਪ ਮੁਹਿੰਮ ਚਲ ਰਹੀ ਹੈ। ਚੋਣਾਂ ਸੰਬੰਧੀ ਲਾਮਬੰਦੀ ਕਰਦਿਆਂ ਉਨਾਂ ਕਿਹਾ ਕਿ ਸਮੂਹ ਅਧਿਆਪਕ ਹਿੱਤਾਂ ਦੀ ਰੱਖਿਆ ਲਈ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪੁਰਾਣੇ ਸਰੂਪ ਨੂੰ ਬਹਾਲ ਅਤੇ ਸਮੂਹ ਵਰਗਾਂ ਦੇ ਅਧਿਆਪਕਾਂ ਦੀ ਇਕੋ-ਇੱਕ ਮਜ਼ਬੂਤ ਜਥੇਬੰਦੀ ਬਣਾਉਣ ਲਈ ਸਮੂਹ ਕੈਟੇਗਰੀਆਂ ਦੇ ਅਧਿਆਪਕਾਂ ਨੂੰ ਇਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਆਪਣੀਆਂ ਮੁਲਾਜ਼ਮ ਮਾਰੂ ਨੀਤੀਆਂ ਨਾਲ ਅਧਿਆਪਕਾਂ ਤੇ ਲਗਾਤਾਰ ਤਿੱਖੇ ਤੋਂ ਤਿੱਖੇ ਕੋਝੇ ਵਾਰ ਕੀਤੇ ਜਾ ਰਹੇ ਹਨ। ਜਿਸ ਕਾਰਨ ਸਮੇਂ ਦੀ ਇਹ ਲੋੜ ਹੈ ਕਿ ਮਜ਼ਬੂਤ ਜਥੇਬੰਦੀ ਦੀ ਉਸਾਰੀ ਕਰਕੇ ਸਰਕਾਰ ਦੇ ਕੌਲੇ ਅਤੇ ਤਿੱਖੇ ਵਾਗ ਦਾ ਸਖ਼ਤੀ ਨਾਲ ਜਵਾਬ ਦੇਣ ਲਈ ਤਿਆਰ ਹੋਈਏ। ਇਸ ਸਮੇਂ ਮੰਗਲ ਸਿੰਘ ਟਾਂਡਾ, ਕੁਲਦੀਪ ਪੂਰੋਵਾਲ, ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ ਦੌੜਕਾ, ਕਮਲਜੀਤ ਸਿੰਘ ਲੁਧਿਆਣਾ, ਸੁਖਜਿੰਦਰ ਸਿੰਘ ਫਿਰੋਜਪੁਰ, ਸੁਰਜੀਤ ਸਿੰਘ ਮੁਹਾਲੀ, ਕਿਰਪਾਲ ਸਿੰਘ, ਰੋਪੜ, ਗੁਰਪ੍ਰੀਤ ਰੰਗੀਲਪੁਰ, ਆਨਿਲ ਕੁਮਾਰ ਗੁਰਦਾਸ ਪੁਰ ਆਦਿ ਸ਼ਾਮਲ ਹੋਏ।
ਤੀਰਥ ਬਾਸੀ
9814588744

Friday, 14 April 2017

ਲਾਲ ਤੇ ਨੀਲੇ ਦੇ ਸੁਮੇਲ ਦਾ ਉਭਾਰ ਮਿਹਨਤਕਸ਼ ਵਰਗ ਲਈ ਸ਼ੁੱਭ ਸ਼ਗਨ : ਡਾ. ਕਰਮਜੀਤ

ਲਾਲ ਤੇ ਨੀਲੇ ਦੇ ਸੁਮੇਲ ਦਾ ਉਭਾਰ ਮਿਹਨਤਕਸ਼ ਵਰਗ ਲਈ ਸ਼ੁੱਭ ਸ਼ਗਨ : ਡਾ. ਕਰਮਜੀਤ
ਹੁਕਮਰਾਨ ਡਾ. ਅੰਬੇਡਕਰ ਦਾ ਅਸਲ ਰੂਪ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ : ਪਾਸਲਾ
ਜਲੰਧਰ : ਦੇਸ਼ ਅੰਦਰ ਲਾਲ ਤੇ ਨੀਲੇ ਦਾ ਸੁਮੇਲ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਇਹ ਸੁਮੇਲ ਭਾਰਤ ਦੇ ਸਮੁੱਚੇ ਮਿਹਨਤਕਸ਼ ਵਰਗ ਲਈ ਇੱਕ ਸ਼ੁਭ ਸ਼ਗਨ ਹੈ। ਇਹ ਗੱਲ ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ 'ਤੇ ਕਰਵਾਏ ਗਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸੇਵਾ ਮੁਕਤ ਚੇਅਰਮੈਨ ਡਾ. ਕਰਮਜੀਤ ਸਿੰਘ ਨੇ ਕਹੀ।
ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ 'ਸਮਕਾਲੀ ਦਲਿਤ ਸਰੋਕਾਰ, ਭਗਤੀ ਅੰਦੋਲਨ ਅਤੇ ਡਾ. ਬੀ ਆਰ ਅੰਬੇਡਕਰ' ਦੇ ਅਨੁਵਾਨ ਹੇਠ ਹੋਏ ਇਸ ਸੈਮੀਨਾਰ ਦੀ ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕੀਤੀ।
ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਮਨੂੰ ਸਿਮਰਤੀ ਤੋਂ ਲੈ ਕੇ ਅੱਜ ਤੱਕ ਦਲਿਤਾਂ ਦਾ ਮੁੱਦਾ ਵੱਖ ਵੱਖ ਰੂਪ 'ਚ ਉਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਡਾ. ਅੰਬੇਡਕਰ ਨੇ ਨਾ ਕੇਵਲ ਦਲਿਤ ਉਤਪੀੜਨ ਨੂੰ ਖੁਦ ਹੱਡੀਂ ਹੰਢਾਇਆ ਸਗੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਭਾਰਦਿਆਂ ਇਸ ਦੇ ਹੱਲ ਲਈ ਰਾਹ ਵੀ ਦੱਸਿਆ ਤੇ ਖੁਦ ਅਗਵਾਈ ਵੀ ਕੀਤੀ।
ਡਾ. ਕਰਮਜੀਤ ਸਿੰਘ ਨੇ ਇਸ ਗੱਲ 'ਤੇ ਵਿਸ਼ੇਸ਼ ਜੋਰ ਦਿੱਤਾ ਕਿ ਡਾ. ਅੰਬੇਡਕਰ ਨੂੰ ਕੇਵਲ ਦਲਿਤਾਂ ਤੱਕ ਸੀਮਤ ਕਰ ਦੇਣਾ ਵੀ ਉਨ੍ਹਾ ਨਾਲ ਧੱਕਾ ਹੈ। ਔਰਤਾਂ ਨਾਲ ਹੁੰਦੇ ਵਿਤਕਰੇ, ਸਮਾਜਿਕ ਜਬਰ ਅਤੇ ਹੋਰਨਾਂ ਗਰੀਬ, ਮਿਹਨਤਕਸ਼ ਵਰਗਾਂ ਲਈ ਡਾ. ਅੰਬੇਡਕਰ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਦੇਸ਼ ਅੰਦਰ ਤੇਜ਼ੀ ਨਾਲ ਚੱਲੇ ਭਗਵੇਕਰਨ ਦੇ ਦੌਰ ਵਿੱਚ ਲਾਲ ਝੰਡੇ ਵਾਲੇ ਕਮਿਊਨਿਸਟਾਂ ਅਤੇ ਨੀਲੇ ਝੰਡੇ ਵਾਲੇ ਅੰਬੇਡਕਰਵਾਦੀਆਂ 'ਚ  ਏਕਤਾ ਉਭਰ ਕੇ ਸਾਹਮਣੇ ਆਈ ਹੈ। ਇਹ ਸੁਮੇਲ ਦੇਸ਼ ਦੇ ਸਮੁੱਚੇ ਮਿਹਨਤਕਸ਼ ਵਰਗ ਲਈ ਇੱਕ ਸ਼ੁਭ ਸ਼ਗਨ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਵੀ ਅਛੂਤਾਂ ਦੇ ਮੁੱਦੇ 'ਤੇ ਬੜੀ ਪ੍ਰਮੁੱਖਤਾ ਤੇ ਤੀਬਰਤਾ ਨਾਲ ਆਪਣੇ ਵਿਚਾਰ ਪ੍ਰਗਟਾਏ ਸਨ ਜੋ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹਨ। ਸ਼ਹੀਦ ਭਗਤ ਸਿੰਘ, ਮਾਰਕਸ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਨਾਲੋ-ਨਾਲ ਲੈ ਕੇ ਦੇਸ਼ ਦਾ ਸਮਾਜਿਕ ਤੇ ਸਿਆਸੀ ਮੁਹਾਂਦਰਾ ਪੂਰੀ ਤਰ੍ਹਾਂ ਬਦਲਿਆ ਜਾ ਸਕਦਾ ਹੈ, ਇਹ ਗੱਲ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ।  ਉਨ੍ਹਾ ਦਿਹਾਤੀ ਮਜ਼ਦੂਰ ਸਭਾ ਨੂੰ ਇਸ ਸੈਮੀਨਾਰ ਲਈ ਵਧਾਈ ਦਿੰਦਿਆਂ ਕਿਹਾ ਕਿ ਡਾ. ਅੰਬੇਡਕਰ ਨੂੰ ਸਮਰਪਿਤ ਖੱਬੇ-ਪੱਖੀ ਜਥੇਬੰਦੀ ਵੱਲੋਂ ਇਹ ਪਹਿਲਾ ਸੈਮੀਨਾਰ ਹੈ।  ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਲਿਤਾਂ ਦਾ ਸਵਾਲ ਸਦੀਆਂ ਤੋਂ ਸਾਡੇ ਸਮਾਜ ਦੇ ਸਨਮੁੱਖ ਹੈ। ਇਸ ਵਰਗ ਦੀ ਦਸ਼ਾ ਸੁਧਾਰਨ ਲਈ ਵੱਖ ਵੱਖ ਲਹਿਰਾਂ ਨੇ ਸਮੇਂ ਸਮੇਂ ਆਪਣਾ ਬਣਦਾ ਰੋਲ ਨਿਭਾਇਆ। ਇਸ ਸੇਧ ਵਿੱਚ ਡਾ. ਅੰਬੇਡਕਰ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਦਾਰਸ਼ਨਿਕ ਦਾ ਜਨਮ ਦਿਹਾੜਾ ਅੱਜ ਹਾਕਮ ਜਮਾਤਾਂ ਵੀ ਮਨਾ ਰਹੀਆਂ ਹਨ, ਪਰ ਉਹ ਡਾ. ਅੰਬੇਡਕਰ ਦੀ ਵਿਚਾਰਧਾਰਾ 'ਤੇ ਮਿੱਟੀ ਪਾ ਕੇ ਕੇਵਲ ਇੱਕ ਸਖ਼ਸ਼ੀਅਤ ਦੀ ਬੁੱਤ ਪੂਜਾ ਤੱਕ ਹੀ ਸੀਮਤ ਹਨ। ਉਹ ਨਹੀਂ ਚਾਹੁੰਦੀਆਂ ਕਿ ਡਾ. ਅੰਬੇਡਕਰ ਦਾ ਅਸਲ ਰੂਪ ਲੋਕਾਂ ਦੇ ਸਾਹਮਣੇ ਆਵੇ। ਇਹੀ ਕਾਰਨ ਹੈ ਕਿ ਰਾਖਵੇਂਕਰਨ ਦੇ ਅਹਿਮ ਮੁੱਦਾ ਨਿੱਜੀਕਰਨ ਦੀ ਹਨ੍ਹੇਰੀ ਨਾਲ ਹੀ ਖ਼ਤਮ ਹੋਣ ਤੱਕ ਚਲਾ ਗਿਆ ਹੈ।
ਕਾਮਰੇਡ ਪਾਸਲਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅੱਜ ਲਾਲ ਝੰਡੇ ਹੇਠ ਕੰਮ ਕਰਦੇ ਲੋਕਾਂ ਦਾ ਇੱਕ ਹਿੱਸਾ ਡਾ. ਅੰਬੇਡਕਰ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਹੈ ਤੇ ਇਸੇ ਤਰ੍ਹਾਂ ਨੀਲੇ ਝੰਡੇ ਹੇਠ ਕੰਮ ਕਰਦੇ ਅੰਬੇਡਕਰਵਾਦੀਆਂ ਦਾ ਇੱਕ ਹਿੱਸਾ ਵੀ ਮਾਰਕਸ ਦੇ ਵਿਚਾਰਾਂ ਦਾ ਪੂਰੀ ਤਰ੍ਹਾਂ ਕਾਇਲ ਹੈ। ਇਸ ਲਈ ਦੋਵਾਂ ਦਾਰਸ਼ਨਿਕਾਂ ਦੇ ਪੈਰੋਕਾਰਾਂ ਵਿਚਾਲੇ ਏਕਤਾ ਨਾਲ ਭਵਿੱਖ 'ਚ ਚੰਗੇ ਸਿੱਟੇ ਨਿਕਲਣ ਦੀ ਆਸ ਬੱਝੀ ਹੈ ਜਿਸ ਵਾਸਤੇ ਆਰ ਐਮ ਪੀ ਆਈ ਪੂਰੀ ਤਨਦੇਹੀ ਨਾਲ ਆਪਣਾ ਰੋਲ ਨਿਭਾਏਗੀ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਇਸ ਮੌਕੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿਜੀਕਰਨ ਦੇ ਦੌਰ ਦੇ ਨਾਲ ਭਗਵੇਕਰਨ ਦੇ ਤਿੱਖੇ ਹਮਲੇ ਨੇ ਸਾਡੇ ਅੱਗੇ ਇੱਕ ਵੱਡੀ ਚੁਣੌਤੀ ਪੇਸ਼ ਕੀਤੀ ਹੈ। ਦਲਿਤਾਂ 'ਤੇ ਜਬਰ ਦੀਆਂ ਘਟਨਾਵਾਂ 'ਚ ਹੋਰ ਵਾਧਾ ਹੋਇਆ ਹੈ। ਇਸ ਹਮਲੇ ਦਾ ਟਾਕਰਾ ਡਾ. ਅੰਬੇਡਕਰ, ਸ਼ਹੀਦ ਭਗਤ ਸਿੰਘ ਤੇ ਮਾਰਕਸ ਦੇ ਵਿਚਾਰਾਂ ਤੋਂ ਅਗਵਾਈ ਲੈ ਕੇ ਹੀ ਕੀਤਾ ਜਾ ਸਕਦਾ ਹੈ। ਦਿਹਾਤੀ ਮਜ਼ਦੂਰ ਸਭਾ ਇਸ ਸੇਧ 'ਚ ਸਮਾਜ ਦੇ ਦੱਬੇ-ਲਤਾੜੇ ਮਿਹਨਤਕਸ਼ਾਂ ਨੂੰ ਇਕਮੁੱਠ ਕਰਕੇ ਸੰਘਰਸ਼ ਦੇ ਮੈਦਾਨ 'ਚ ਲਿਆਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਸਾਥੀ ਲਾਲ ਚੰਦ ਕਟਾਰੂਚੱਕ, ਪਰਮਜੀਤ ਰੰਧਾਵਾ, ਅਮਰੀਕ ਸਿੰਘ ਦਾਊਦ ਤੇ ਚਮਨ ਲਾਲ ਦਰਾਜਕੇ ਵੀ ਸਟੇਜ 'ਤੇ ਹਾਜ਼ਰ ਸਨ। ਸੈਮੀਨਾਰ ਦੌਰਾਨ ਇੱਕ ਮਤਾ ਪਾਸ ਕਰਕੇ ਅਮਰੀਕਾ ਵੱਲੋਂ ਅਫਗਾਨਿਸਤਾਨ 'ਤੇ ਕੀਤੇ ਗਏ ਵਹਿਸ਼ੀਆਨਾ ਬੰਬ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।






Friday, 7 April 2017

ਸਮਕਾਲੀ ਦਲਿਤ ਸਰੋਕਾਰ, ਭਗਤੀ ਅੰਦੋਲਨ ਅਤੇ ਡਾਕਟਰ ਬੀ. ਆਰ. ਅੰਬੇਦਕਰ ਵਿਸ਼ੇ 'ਤੇ ਸੈਮੀਨਾਰ 14 ਨੂੰ

ਜਲੰਧਰ, 7 ਅਪ੍ਰੈਲ - ਦਿਹਾਤੀ ਮਜਦੂਰ ਸਭਾ ਵਲੋਂ ਆਉਂਦੀ 14 ਅਪ੍ਰੈਲ ਨੂੰ ''ਸਮਕਾਲੀ ਦਲਿਤ ਸਰੋਕਾਰ, ਭਗਤੀ ਅੰਦੋਲਨ ਅਤੇ ਡਾਕਟਰ ਬੀ. ਆਰ. ਅੰਬੇਦਕਰ'' ਦੇ ਸੰਦਰਭ ਵਿੱਚ ਇੱਕ ਸੂਬਾਈ ਸੈਮੀਨਾਰ ਸ਼ਹੀਦ ਵਿਸ਼ਣੂੰ ਗਣੇਸ਼ ਪਿੰਗਲੇ ਹਾਲ , ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾ ਰਿਹਾ ਹੈ। ਡਾਕਟਰ ਭੀਮ ਰਾਉ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਤ ਇਸ ਸੈਮੀਨਰ ਵਿੱਚ ਡਾਕਟਰ ਕਰਮਜੀਤ ਸਿੰਘ, ਸਾਬਕਾ ਪ੍ਰੋਫ਼ਸਰ ਅਤੇ ਚੇਅਰਮੈਨ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੂੰਜੀਵਤ ਭਾਸ਼ਣ ਦੇਣਗੇ। ਇਹ ਫ਼ੈਸਲਾ ਸਭਾ ਦੀ ਸਾਥੀ ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ ਦੋ ਦਿਨਾਂ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਆਉਂਦੇ ਸਮੇਂ 'ਚ ਚੇਤਨਾ ਮੁਹਿੰਮ ਅਤੇ ਲਾਮਬੰਦੀ ਤੋਂ ਪਿਛੋਂ ਪੜਾਅਵਾਰ ਸੰਘਰਸ਼ ਦੀ ਸ਼ੁਰਆਤ ਕੀਤੀ ਜਾਵੇਗੀ।
    ਮੀਟਿੰਗ ਵੱਲੋਂ ਇਹ ਗੱਲ ਗੰਭੀਰਤਾ ਨਾਲ ਨੋਟ ਕੀਤੀ ਗਈ ਕਿ ਭਾਵੇਂ ਸੂਬੇ 'ਚ ਨਵੀਂ ਸਕਕਾਰ ਹੋਂਦ ਵਿੱਚ ਆ ਗਈ ਹੈ ਪਰ ਬੇਜਮੀਨੇ, ਦਲਿਤਾਂ ਅਤੇ ਖੇਤੀ ਕਾਮਿਆਂ ਦੀ ਸਥਿਤੀ ਜਿਓਂੁ ਦੀ ਤਿਓੁ ਬਰਕਰਾਰ ਹੇੈ ਅਤੇ ਨਵੀਂ ਸਰਕਾਰ ਦੇ ਮੁਢੱਲੇ ਕੰਮਾਂ ਦਾ ਝਲਕਾਰਾ, ਬਦਕਿਸਮਤੀ ਨਾਲ ਮਜਦੂਰ ਮਸਲਿਆਂ ਪ੍ਰਤੀ ਪੁਰਾਣੀ ਮੁਜਰਮਾਨਾ ਅਣਗਹਿਲੀ ਦਾ ਹੀ ਬਦਸ਼ਗਨਾ ਸੰਕੇਤ ਦਿੰਦਾ ਹੈ। ਇਸ ਲਈ ਮੀਟਿੰਗ ਵਲੋਂ ਫ਼ੈਸਲਾ ਕੀਤਾ ਗਿਆ ਕਿ ਨੇੜ ਭਵਿੱਖ ਵਿੱਚ ਦਿਹਾਤੀ ਮਜਦੂਰ ਸਭਾ ਦੇ ਆਜਾਦਾਨਾ ਅਤੇ ਹਮਖਿਆਲ ਮਜਦੂਰ ਸੰਗਠਨਾਂ ਦੇ ਸਾਂਝੇ, ਵਿਸ਼ਾਲ, ਬੱਝਵੇਂ ਘੋਲਾਂ ਵੱਲ ਵੱਧਣ ਦਾ ਹਰ ਉਪਰਾਲਾ ਕੀਤਾ ਜਾਵੇ।
    ਮਨਰੇਗਾਂ ਕਾਮਿਆਂ ਨੂੰ, ਕੇਂਦਰ ਸਰਕਾਰ ਦੇ ਤਾਨਾਸ਼ਾਹੀ ਪੂਰਨ ਫ਼ੈਸਲੇ ਰਾਹੀੰ , ਉਸਾਰੀ ਕਿਰਤੀ ਭਲਾਈ ਬੋਰੜ ਤੋਂ ਮਿਲਦੇ ਲਾਭਾਂ ਤੋਂ ਵਾਂਝੇ ਕੀਤੇ ਜਾਣ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਵਿਰੁੱਧ 10 ਅਪ੍ਰੈਲ ਨੂੰ ਥਾਂ-ਥਾਂ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ।
    ਸਭਾ ਵਲੋਂ ਕੌਮਾਂਤਰੀ ਮਜਦੂਰ ਦਿਹਾੜਾ ਭਾਵ ਮਈ ਦਿਵਸ ਵਿਸ਼ਾਲ ਪੈਮਾਨੇ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ।

(ਗੁਰਨਾਮ ਸਿੰਘ ਦਾਊਦ)
ਜਨਰਲ ਸਕੱਤਰ

Wednesday, 8 March 2017

ਜਨਵਾਦੀ ਇਸਤਰੀ ਸਭਾ ਨੇ 'ਮਹਿਲਾ ਅਧਿਕਾਰ ਦਿਵਸ' ਵਜੋਂ ਮਨਾਇਆ ਕੌਮਾਂਤਰੀ ਮਹਿਲਾ ਦਿਵਸ

ਜਲੰਧਰ, 8 ਮਾਰਚ - ''ਅੱਜ ਅਸੀਂ ਇਕ ਅਜਿਹੇ ਦੌਰ 'ਚੋਂ ਲੰਘ ਰਹੇ ਹਾਂ ਜਿਸ ਵਿਚ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਕਿਤੇ ਵਧੇਰੇ ਮੁਸ਼ਕਿਲ ਹੋ ਗਈ ਹੈ। ਬਰਾਬਰਤਾ ਦੀ ਗੱਲ ਤਾਂ ਦੂਰ, ਘਰੋਂ ਬਾਹਰ ਨਿਕਲਣਾ ਵੀ ਮੌਤ ਨੂੰ ਆਵਾਜ਼ਾਂ ਮਾਰਨ ਦੇ ਬਰਾਬਰ ਹੋ ਗਿਆ ਹੈ। ਅਜਿਹੇ ਮਾਹੌਲ 'ਚ ਅਧਿਕਾਰਾਂ ਦੀ ਪ੍ਰਾਪਤੀ ਇਕ ਸ਼ਕਤੀਸ਼ਾਲੀ ਜਥੇਬੰਦਕ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਤੇ ਇਹ ਕਾਰਜ ਇਕ ਲੜਾਕੂ ਜਥੇਬੰਦੀ ਤੋਂ ਬਿਨਾਂ ਨਹੀਂ ਹੋ ਸਕਦਾ, ਜਿਹੜੀ ਕਿ ਔਰਤਾਂ ਦੀ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀ ਕਰਨ ਦੇ ਸਮਰੱਥ ਹੋਵੇ।'' ਇਹ ਗੱਲ ਅੱਜ ਇੱਥੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਹੋਈ ਇਕ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕਹੀ।
'ਮਹਿਲਾ ਅਧਿਕਾਰ ਦਿਵਸ' ਦੇ ਨਾਂਅ ਹੇਠ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਕੰਪਲੈਕਸ 'ਚ ਕੀਤੀ ਗਈ ਇਸ ਵਿਸ਼ਾਲ ਕਾਨਫਰੰਸ ਵਿਚ ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ਔਰਤਾਂ ਨੇ ਹਿੱਸਾ ਲਿਆ। ਜਥੇਬੰਦੀ ਦੀ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਕੌਰ ਪਲਾਸੀ, ਖਜ਼ਾਨਚੀ ਕਾਮਰੇਡ ਬਿਮਲਾ ਦੇਵੀ, ਉਪ ਪ੍ਰਧਾਨ ਕਾਮਰੇਡ ਜਸਬੀਰ ਕੌਰ ਤਰਨ ਤਾਰਨ ਤੇ ਅਜੀਤ ਕੌਰ ਕੋਟ ਰਜ਼ਾਦਾ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਹੋਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਇਤਿਹਾਸਕ ਪਿਛੋਕੜ, ਔਰਤਾਂ ਦੇ ਅਧਿਕਾਰਾਂ ਅਤੇ ਮੌਜੂਦਾ ਹਾਲਾਤ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾ ਕਿਹਾ ਕਿ ਇਸ ਵਾਰ ਦਾ ਮਹਿਲਾ ਦਿਵਸ ਉਸ ਮਾਹੌਲ 'ਚ ਮਨਾਇਆ ਜਾ ਰਿਹਾ ਹੈ ਜਦੋਂ ਦੁਨੀਆਂ ਦੇ  ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦਾ ਰਾਸ਼ਟਰਪਤੀ ਇਕ ਅਜੇਹਾ ਵਿਅਕਤੀ ਚੁਣਿਆ ਗਿਆ ਹੈ ਜਿਹੜਾ ਔਰਤਾਂ ਲਈ ਸਿਰੇ ਦੀ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਸ਼ਰੇਆਮ ਵਰਤਦਾ ਹੈ। ਉਸਦੇ ਸਹੁੰ ਚੁੱਕ ਸਮਾਗਮ ਵੇਲੇ 20 ਜਨਵਰੀ ਨੂੰ ਅਮਰੀਕਾ ਸਮੇਤ ਦੁਨੀਆਂ ਭਰ 'ਚ, ਖਾਸਕਰ ਯੂਰਪ 'ਚ ਵਿਸ਼ਾਲ ਰੋਸ ਮੁਜ਼ਾਹਰੇ ਹੋਏ ਸਨ ਅਤੇ ਅੱਜ ਦੇ ਦਿਨ ਵੀ ਹੋ ਰਹੇ ਹਨ। ਉਨ੍ਹਾ ਕਿਹਾ ਕਿ ਸਾਡੇ ਆਪਣੇ ਦੇਸ਼ ਭਾਰਤ ਵਿਚ ਸੰਘ ਪਰਿਵਾਰ ਤੇ ਕੇਂਦਰ 'ਚ ਵਿਰਾਜਮਾਨ ਮੋਦੀ ਸਰਕਾਰ ਇਕ ਅਜਿਹੇ ਸਭਿਆਚਾਰ ਦੀ ਅਲੰਬਰਦਾਰ ਬਣੀ ਹੋਈ ਹੈ ਜਿਹੜਾ ਜਾਤਪਾਤ ਨੂੰ ਕਾਇਮ ਰੱਖਣ ਦੇ ਨਾਲ ਨਾਲ ਔਰਤ ਨੂੰ ਮਰਦ ਦੀ ਦਾਸੀ ਸਮਝਦਾ ਹੈ।
ਉਨ੍ਹਾ ਕਿਹਾ ਕਿ ਔਰਤਾਂ ਲਈ ਮਰਦਾਂ ਨਾਲ ਬਰਾਬਰਤਾ ਦਾ ਅਧਿਕਾਰ ਸਭ ਤੋਂ ਪ੍ਰਮੁੱਖ ਅਧਿਕਾਰ ਹੈ। ਸੰਸਾਰ ਭਰ ਵਿਚ ਜਿੱਥੇ ਵੀ ਔਰਤ ਨੂੰ ਮੌਕਾ ਮਿਲਿਆ ਹੈ, ਉਸ ਨੇ ਹਰ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਰਾਜਨੀਤੀ ਤੋਂ ਲੈ ਕੇ ਖੇਡਾਂ, ਅਧਿਆਪਨ, ਪ੍ਰਸ਼ਾਸਨ, ਸਿਹਤ ਸੇਵਾਵਾਂ, ਵਿਗਿਆਨਕ ਖੋਜ, ਸਾਹਿਤ ਤੇ ਪੁਲਾੜ ਦੀ ਖੋਜ ਦੇ ਖੇਤਰ ਤੱਕ ਔਰਤਾਂ ਨੇ ਧੁੰਮਾਂ ਪਾਈਆਂ ਹਨ ਪਰ ਸਾਡੇ ਦੇਸ਼ ਅੰਦਰ ਔਰਤਾਂ ਨੂੰ ਕਿਧਰੇ ਵੀ ਸਿੱਖਣ ਸਿਖਾਉਣ ਦੇ ਬਰਾਬਰ ਮੌਕੇ ਨਹੀਂ ਮਿਲੇ। ਵੋਟ ਦਾ ਅਧਿਕਾਰ ਤਾਂ ਮਿਲ ਗਿਆ ਪਰ 33 ਫੀਸਦੀ ਰਾਖਵੇਂਕਰਨ ਤੋਂ ਅਜੇ ਵੀ ਇਨਕਾਰ ਕੀਤਾ ਜਾ ਰਿਹਾ ਹੈ। ਦੂਰ ਦੁਰਾਡੇ ਇਕੱਲਿਆਂ ਰਹਿਣ ਦੀ ਗੱਲ ਤਾਂ ਕੀ, ਵੇਲੇ ਕੁਵੇਲੇ ਘਰੋਂ ਬਾਹਰ ਨਿਕਲਣਾ ਵੀ ਮੌਤ ਨੂੰ ਆਵਾਜ਼ਾਂ ਮਾਰਨ ਬਰਾਬਰ ਬਣ ਚੁੱਕਾ ਹੈ। ਦਿਨ ਦੀਵੀਂ ਬਲਾਤਕਾਰ ਇਕ ਆਮ ਗੱਲ ਹੋ ਗਈ ਹੈ।  ਕਾਨੂੂੰਨੀ ਵਿਵਸਥਾ ਦੀਆਂ ਕਮਜ਼ੋਰੀਆਂ ਕਾਰਨ ਹਰ ਥਾਂ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਜੇ ਕੋਈ ਔਰਤ ਕਿਸੇ ਮੁੱਦੇ 'ਤੇ ਬੋਲਣ ਦਾ ਹੌਂਸਲਾ ਕਰਦੀ ਹੈ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉਸ ਉਪਰ ਹਮਲੇ ਕੀਤੇ ਜਾਂਦੇ ਹਨ ਤੇ ਬਲਾਤਕਾਰ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਸੰਦਰਭ 'ਚ ਉਨ੍ਹਾ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੀ ਮਿਸਾਲ ਦਿੱਤੀ ਜਿਸਨੂੰ ਸੰਘ ਪਰਿਵਾਰ ਨਾਲ ਸਬੰਧਤ ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਹੇਠਲੇ ਪੱਧਰ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਸ ਕਾਨਫਰੰਸ ਨੂੰ ਕੰਵਲਜੀਤ ਕੌਰ ਅੰਮ੍ਰਿਤਸਰ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਆਗੂ ਸੀਮਾ ਦੇਵੀ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਆਗੂ ਹਰਮਨਪ੍ਰੀਤ ਕੌਰ ਫਰੀਦਕੋਟ, ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਸੁਖਵਿੰਦਰ ਕੌਰ, ਪੰਜਾਬ ਇਸਤਰੀ ਸਭਾ ਦੀ ਆਗੂ ਕਮਲਜੀਤ ਕੌਰ ਤੋਂ ਬਿਨਾਂ ਮਿਡ ਡੇ ਮੀਲ ਵਰਕਰਜ਼ ਯੂਨੀਅਨ ਤੇ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭਨਾਂ ਕਾਨੂੂੰਨੀ ਰੋਕਾਂ ਦੇ ਬਾਵਜੂਦ ਲਗਾਤਾਰ ਜਾਰੀ ਭਰੂਣ ਹੱਤਿਆ ਅਤੇ ਬੱਚੀ ਦੇ ਜਨਮ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀ ਘਰੇਲੂ ਹਿੰਸਾ ਦਾ ਜ਼ਿਕਰ ਕਰਦਿਆਂ ਇਨ੍ਹਾਂ ਸਮਾਜਿਕ ਲਾਹਨਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਕੰਮ ਵਾਲੀਆਂ ਥਾਵਾਂ 'ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਔਰਤ ਦੀ ਘਰੇਲੂ ਪਰਿਵਾਰਕ ਕਿਰਤ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ, ਜੇ ਉਹ ਘਰੋਂ ਬਾਹਰ ਕੰਮ ਕਰਨ ਲਈ ਨਿਕਲਦੀ ਹੈ ਤਾਂ ਉਸਦਾ ਆਰਥਿਕ ਸ਼ੋਸ਼ਣ ਬਹੁਤ ਹੀ ਬੇਤਰਸੀ ਨਾਲ ਕੀਤਾ ਜਾਂਦਾ ਹੈ ਅਤੇ ਸਰਕਾਰ ਖ਼ੁਦ ਇਸ ਬੇਤਰਸ ਲੁੱਟ ਦਾ ਮਾਡਲ ਪੇਸ਼ ਕਰਦੀ ਹੈ। ਇਸ ਸਬੰਧ ਵਿਚ ਉਨ੍ਹਾਂ ਆਂਗਣਵਾੜੀ, ਆਸ਼ਾ ਵਰਕਰਜ਼, ਮਿਡ ਡੇ ਮੀਲ ਵਰਕਰਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਮੁਸ਼ੱਕਤ ਦੀ 10 ਤੋਂ 20 ਫੀਸਦੀ ਉਜਰਤ ਵੀ ਨਹੀਂ ਮਿਲਦੀ। ਇਸ ਲਈ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੇ ਅਧਿਕਾਰ ਨੂੰ ਲਾਗੂ ਕਰਵਾਉਣਾ ਇਕ ਵੱਡੀ ਚੁਣੌਤੀ ਹੈ।
ਇਸ ਕਾਨਫਰੰਸ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਇਸ ਇਤਿਹਾਸਕ ਦਿਹਾੜੇ 'ਤੇ ਜਨਵਾਦੀ ਇਸਤਰੀ ਸਭਾ ਵਲੋਂ ਕੀਤੀ ਗਈ ਇਸ ਸਫਲ ਵਿਸ਼ਾਲ ਕਾਨਫਰੰਸ ਦੀ ਸਰਾਹਨਾ ਕੀਤੀ। ਉਨ੍ਹਾ ਕਿਹਾ ਕਿ ਅਧਿਕਾਰਾਂ ਦੀ ਪ੍ਰਾਪਤੀ ਜਥੇਬੰਦਕ ਸੰਘਰਸ਼ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਔਰਤਾਂ ਲਈ ਜਥੇਬੰਦਕ ਸੰਘਰਸ਼ ਤਾਂ ਸਭ ਤੋਂ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਨਾਲ ਜੰਮਣ ਤੋਂ ਲੈ ਕੇ ਮਰਨ ਤੱਕ ਪੈਰ-ਪੈਰ 'ਤੇ ਵਿਤਕਰਾ ਹੁੰਦਾ ਹੈ। ਕਾਮਰੇਡ ਪਾਸਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਬਰਾਬਰਤਾ ਦੀ ਮੁਦੱਈ ਹੈ ਅਤੇ ਇਸ ਸੇਧ ਵਿਚ ਕੀਤੇ ਗਏ ਹਰ ਜਥੇਬੰਦਕ ਸੰਘਰਸ਼ ਵਿਚ ਹਮੇਸ਼ਾ ਉਨ੍ਹਾਂ ਦੇ ਅੰਗ ਸੰਗ ਰਹੇਗੀ।
ਇਸ ਕਾਨਫਰੰਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਸਕੱਤਰ ਕਾਮਰੇਡ ਰਘਬੀਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਇਸ ਸ਼ਾਨਦਾਰ ਉਪਰਾਲੇ ਲਈ ਕਮੇਟੀ ਵਲੋਂ ਵਧਾਈ ਦਿੱਤੀ। ਕਾਨਫਰੰਸ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੇ ਸਮਰਥਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਖੇਧੀ ਕਰਦੇ ਮਤੇ ਵੀ ਪਾਸ ਕੀਤੇ।
ਕਾਨਫਰੰਸ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਇਕ ਮੰਗ ਪੱਤਰ ਜਲੰਧਰ ਡਵੀਜਨ ਦੇ ਕਮਿਸ਼ਨਰ ਨੂੰ ਸੌਂਪਿਆ ਗਿਆ ਜਿਸ ਵਿਚ ਔਰਤਾਂ ਤੇ ਬੱਚੀਆਂ 'ਤੇ ਵੱਧ ਰਹੇ ਹਿੰਸਕ ਤੇ ਲਿੰਗਕ ਹਮਲਿਆਂ ਨੂੰ ਰੋਕਣ ਵਾਸਤੇ ਪੁਲਸ ਤੇ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕਰਦੇ ਸਖਤ ਤੋਂ ਸਖਤ ਕਾਨੂੰਨ ਬਣਾਉਣ, ਘਰੇਲੂ ਮਜ਼ਦੂਰ ਔਰਤਾਂ ਦੇ ਹੱਕਾਂ ਵਾਸਤੇ 'ਘਰੇਲੂ ਮਜ਼ਦੂਰ ਬੋਰਡ' ਦਾ ਗਠਨ ਕਰਨ, ਸਰਕਾਰੀ ਵਿਭਾਗਾਂ 'ਚ ਮਾਣ ਭੱਤੇ 'ਤੇ ਕੰਮ ਕਰਦੀਆਂ ਔਰਤਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇਣ ਤੇ ਯੋਗਤਾ ਅਨੁਸਾਰ ਗੁਜ਼ਾਰੇਯੋਗ ਤਨਖਾਹਾਂ ਯਕੀਨੀ ਬਣਾਉਣ, ਮਨਰੇਗਾ ਮਜ਼ਦੂਰ ਔਰਤਾਂ ਲਈ ਘੱਟੋ ਘੱਟ 200 ਦਿਨ ਦੇ ਰੁਜ਼ਗਾਰ ਦੀ ਗਰੰਟੀ ਅਤੇ ਦਿਹਾੜੀ ਵਧਾ ਕੇ 500 ਰੁਪਏ ਕਰਨ ਆਦਿ ਮੰਗਾਂ ਦਰਜ ਹਨ।
 
ਜਾਰੀ ਕਰਤਾ 
(ਨੀਲਮ ਘੁਮਾਣ) 98761-35448