Wednesday, 23 August 2017

ਪੰਜਾਬ ਸਰਕਾਰ ਨੂੰ ਜੇਪੀਐਮਓ ਵਲੋਂ ਥਰਮਲ ਬੰਦ ਕਰਨ ਵਿਰੁੱਧ ਤਾੜਨਾ

ਜਲੰਧਰ, 23  ਅਗਸਤ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਨੇ ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਵਿਰੱਧ ਤਾੜਨਾ ਕਰਦਿਆ ਪਲਾਂਟ ਦੇ ਕਾਮਿਆਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸੰਘਰਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ।
ਮੰਚ 'ਚ ਸ਼ਾਮਲ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ, ਐਨਆਰਐਮਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ, ਬਾਰਡਰ ਏਰੀਆ ਸੰਘਰਸ਼ ਕਮੇਟੀ, ਮੰਡ-ਬੇਟ ਆਬਾਦਕਰ ਸੰਘਰਸ਼ ਕਮੇਟੀ, ਨਰਮਾ ਪੱਟੀ ਸੰਘਰਸ਼ ਕਮੇਟੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਹੋਰ ਅਨੇਕਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਇਥੋਂ ਜਾਰੀ ਇੱਕ ਬਿਆਨ 'ਚ ਕਿਹਾ ਕਿ ਅਕਾਲੀ ਸਰਕਾਰ ਨੇ ਬਠਿੰਡਾ ਥ੍ਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਲੱਖਾਂ ਲੋਕਾਂ ਦਾ ਸਿੱਧੇ ਅਤੇ ਅਸਿੱਧੇ ਰੂਪ 'ਚ ਰੁਜ਼ਗਾਰ ਖੁੱਸ ਗਿਆ ਸੀ। ਇਸ ਸਬੰਧੀ ਸੀਟੀਯੂ ਪੰਜਾਬ ਦੇ ਆਗੂ ਇੰਦਰਜੀਤ ਸਿੰਘ ਗਰੇਵਾਲ ਅਤੇ ਨੱਥਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ ਅਤੇ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਕੁਲਵੰਤ ਸਿੰਘ ਸੰਧੂ, ਐਨਆਰਐਮਯੂ ਦੇ ਆਗੂ ਦਲਜੀਤ ਸਿੰਘ, ਪਸਸਫ ਦੇ ਸਤੀਸ਼ ਰਾਣਾ ਅਤੇ ਵੇਦ ਪ੍ਰਕਾਸ਼ ਸ਼ਰਮਾ, ਇਸਤਰੀ ਸਭਾ ਦੇ ਆਗੂ ਨੀਲ ਮ ਘੁਮਾਣ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਸਵਿੰਦਰ ਸਿੰਘ ਢੇਸੀ ਅਤੇ ਮਨਦੀਪ ਰੱਤੀਆ, ਪੀਐਸਐਫ ਦੇ ਮਨਜਿੰਦਰ ਸਿੰਘ ਢੇਸੀ ਅਤੇ ਅਜੈ ਫਿਲੌਰ ਵਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਗਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੇ ਬਠਿੰਡਾ ਥਰਮਲ ਪਲਾਂਟ ਬਾਰੇ ਵਾਅਦਾ ਕੀਤਾ ਸੀ ਕਿ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਥਰਮਲ ਪਲਾਂਟ ਮੁੜ ਤੋਂ ਚਾਲੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਥਰਮਲ ਕਾਮਿਆਂ ਦੀਆਂ ਆਸਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ। ਆਗੂਆਂ ਨੇ ਖਦਸ਼ਾ ਪ੍ਰਗਟਾਇਆ ਕਿ ਪਲਾਂਟ ਦੇ ਕਰੋੜਾਂ ਰੁਪਏ ਦੇ ਮੁੱਲ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਨਿਲਾਮ ਕਰ ਦਿੱਤੀ ਜਾਵੇਗੀ। ਉਕਤ ਆਗੂਆਂ ਨੇ ਸਮੂਹ ਸੰਘਰਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਥਰਮਲ ਕਾਮਿਆਂ ਦੇ ਸੰਘਰਸ਼ 'ਚ ਸਾਥ ਦੇਣ।
ਜਾਰੀ ਕਰਤਾ
ਗੁਰਨਾਮ ਸਿੰਘ ਦਾਊਦ

Wednesday, 9 August 2017

ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਵਲੋਂ ਰੋਹ ਭਰਪੂਰ ਮੁਜ਼ਹਾਰਾ





ਗੁਰਾਇਆ, 9 ਅਗਸਤ - ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਇਥੋਂ ਦੇ ਮੁਖ ਚੌਂਕ 'ਚ ਕਰੀਬ ਪੌਣਾ ਘੰਟਾ ਜਾਮ ਲਗਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾ ਇਨ੍ਹਾਂ ਜਥੇਬੰਦੀਆਂ ਦੇ ਸੱਦੇ 'ਤੇ ਇਥੋਂ ਦੀ ਦਾਣਾ ਮੰਡੀ 'ਚ ਇੱਕ ਵਿਸ਼ਾਲ ਰੈਲੀ ਕੀਤੀ ਗਈ। ਉਕਤ ਜਥੇਬੰਦੀਆਂ ਦੇ ਦੋਆਬਾ ਜ਼ੋਨ ਵਲੋਂ ਕੀਤੀ ਰੈਲੀ ਨੂੰ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਕਿਸਾਨ ਅਤੇ ਮਜ਼ਦੂਰ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਰੰਗਾਂ ਦੀਆਂ ਸਰਕਾਰਾਂ ਹੋਂਦ 'ਚ ਆਈਆਂ ਪਰ ਕਿਸੇ ਨੇ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਨਹੀਂ ਫੜੀ ਅਤੇ ਇਸ ਦੇ ਮੁਕਾਬਲੇ ਹਾਕਮਾਂ ਨੇ ਆਪਣੇ ਚਹੇਤਿਆਂ ਦੀ ਪੁਸ਼ਤਪੁਨਾਹੀ ਹੀ ਕੀਤੀ ਹੈ, ਜਿਸ ਨਾਲ ਦੇਸ਼ ਦੀ ਵੱਡੀ ਸਰਮਾਏਦਾਰੀ ਹੋਰ ਤਕੜੀ ਹੋਈ ਅਤੇ ਹੇਠਲਾ ਤਬਕਾ ਹੋਰ ਵੀ ਗਰੀਬ ਹੁੰਦਾ ਚਲਿਆ ਗਿਆ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ ਹਮਲਿਆਂ 'ਚ ਹੋਰ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਲਾਗਤ ਕੀਮਤਾਂ ਘੱਟ ਕਰਕੇ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਅਜਿਹਾ ਕਰਕੇ ਹੀ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਚਾਇਆ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਬਹੁਤ ਸਾਰੇ ਚੋਣ ਵਾਅਦੇ ਕੀਤੇ ਗਏ ਪਰ ਇਨ੍ਹਾਂ ਨੂੰ ਲਾਗੂ ਹੀ ਨਹੀਂ ਕੀਤਾ ਗਿਆ। ਕਰਜ਼ਿਆਂ ਦੇ ਸਵਾਲ 'ਤੇ ਇਨ੍ਹਾਂ ਆਗੂਆਂ ਨੂੰ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ ਤਾਂ ਜੋ ਆਤਮ ਹੱਤਿਆ ਦੇ ਚਲਦੇ ਸਿਲਸਿਲੇ ਨੂੰ ਠੱਲ ਪਾਈ ਜਾ ਸਕੇ।
ਗਰੀਬ ਲੋਕਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ, ਮਕਾਨ ਬਣਾਉਣ ਲਈ ਤਿੰਨ ਲੱਖ ਰੁਪਏ ਦੀ ਗਰਾਂਟ, ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ, ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਂਦੇ ਹੋਏ ਸਾਰੀਆਂ ਹੀ ਫਸਲਾਂ ਦੇ ਘੱਟੋ ਘੱਟ ਲਾਹੇਵੰਦ ਸਮਰਥਨ ਮੁੱਲ ਐਲਾਨਣ, ਖੇਤੀਬਾੜੀ 'ਤੇ ਜੀਐਸਟੀ ਖਤਮ ਕਰਨ, ਮਨਰੇਗਾ ਵਰਕਰਾਂ ਦੀ ਦਿਹਾੜੀ 500 ਰੁਪਏ ਕਰਨ, ਪੰਚਾਇਤਾਂ ਦੀਆਂ ਵਾਹੀਯੋਗ ਜ਼ਮੀਨਾਂ 'ਚੋਂ ਤੀਜਾ ਹਿੱਸਾ ਮਜ਼ਦੂਰਾਂ ਨੂੰ ਦੇਣਾ ਯਕੀਨੀ ਬਣਾਉਣ, ਬੁਢਾਪਾ/ਵਿਧਵਾ/ਅੰਗਹੀਣ ਬੱਚਿਆਂ/ਆਸ਼ਰਤ ਲੋਕਾਂ ਦੀ ਪੈਨਸ਼ਨ ਤਿੰਨ ਹਜ਼ਾਰ ਰੁਪਏ ਕਰਨ, ਮਜ਼ਦੂਰਾਂ/ਦਲਿਤਾਂ 'ਤੇ ਹੁੰਦੇ ਸਮਾਜਿਕ ਅਤੇ ਪੁਲਸ ਜਬਰ ਬੰਦ ਕਰਵਾਉਣ ਆਦਿ ਦੀ ਮੰਗ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਜੇ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ 'ਤੇ ਸਰਕਾਰ ਨੇ ਮੌਨ ਧਾਰੀ ਰੱਖਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੀ ਰੈਲੀ ਨੂੰ ਜਸਵਿੰਦਰ ਸਿੰਘ ਢੇਸੀ, ਪਰਮਜੀਤ ਰੰਧਾਵਾ, ਮਨੋਹਰ ਸਿੰਘ ਗਿੱਲ, ਬਲਦੇਵ ਸਿੰਘ ਸੁਲਤਾਨਪੁਰ, ਗੰਗਾ ਪ੍ਰਸ਼ਾਦ, ਮੋਹਣ ਸਿੰਘ ਧਮਾਣਾ, ਸੋਹਣ ਸਿੰਘ ਸਲੇਮਪੁਰੀ, ਸ਼ਿਵ ਕੁਮਾਰ ਤਿਵਾੜੀ, ਸਵਰਨ ਸਿੰਘ ਮੁਕੇਰੀਆਂ, ਨਿਰਮਲ ਸਿੰਘ ਮਲਸੀਆਂ, ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸ਼ਹਿਰ 'ਚ ਮਾਰਚ ਕਰਦਿਆਂ ਮੁਜ਼ਾਹਾਰਕਾਰੀਆਂ ਨੇ ਸੜਕ 'ਤੇ ਜਾਮ ਲਗਾ ਦਿੱਤਾ। ਜਿਸ ਨਾਲ ਪੌਣੇ ਘੰਟੇ ਤੋਂ ਵੱਧ ਸਮੇਂ ਲਈ ਆਵਾਜਾਈ ਠੱਪ ਹੋ ਗਈ।