Wednesday, 28 June 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਚੌਥਾ ਸੂਬਾਈ ਅਜਲਾਸ 16-17-18 ਸਤੰਬਰ ਨੂੰ ਫਿਲੌਰ ਵਿਖੇ ਕਰਵਾਉਣ ਦਾ ਐਲਾਨ

ਜਲੰਧਰ, 25 ਜੂਨ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਅੱਜ ਸਥਾਨਕ ਪੀ. ਸੁੰਦਰਈਆ ਮਾਰਕਸਵਾਦੀ ਅਧਿਐਨ ਕੇਂਦਰ ਵਿਖੇ ਇਕ ਸਟੱਡੀ ਸਰਕਲ ਜਥੇਬੰਦ ਕੀਤਾ ਗਿਆ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚੋਂ ਪੁੱਜੇ ਨੌਜਵਾਨਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਸੰਨ 1975 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦੇਸ਼ 'ਚ ਐਮਰਜੈਂਸੀ ਲਾਗੂ ਕਰਦਿਆਂ ਤਾਨਾਸ਼ਾਹੀ ਠੋਸਣ ਦਾ ਯਤਨ ਕੀਤਾ ਗਿਆ ਸੀ।
ਇਸ ਦੌਰਾਨ ਸਭਾ ਵਲੋਂ ਚੌਥਾ ਸੂਬਾਈ ਅਜਲਾਸ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ 'ਚ 16-17-18 ਸਤੰਬਰ 2017 ਨੂੰ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਵਰਨਣਯੋਗ ਹੈ ਕਿ ਨੌਜਵਾਨ ਲਹਿਰ ਦੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ 18 ਸਤੰਬਰ ਨੂੰ ਹੋਈ ਸੀ।
ਸਟੱਡੀ ਸਰਕਲ 'ਚ ਇਹ ਮੁੱਦਾ ਵਿਸ਼ੇਸ਼ ਚਰਚਾ ਦਾ ਕੇਂਦਰ ਰਿਹਾ ਕਿ ਅੱਜ ਭਾਵੇਂ ਐਲਾਨੀ ਐਮਰਜੈਂਸੀ ਤਾਂ ਨਹੀਂ ਪਰ ਹਾਲਾਤ ਉਸ ਤੋਂ ਵੀ ਵਧੇਰੇ ਤਾਨਾਸ਼ਾਹੀ ਪੂਰਣ ਹਨ। ਉਸ ਵੇਲੇ ਜੋ ਮਨਆਈਆਂ ਕੇਂਦਰੀ ਬਲ, ਪੁਲਸ 'ਤੇ ਹੋਰ ਅਮਲਾ ਫੈਲਾ ਕਰਦਾ ਸੀ, ਅੱਜ ਉਹੀ ਕੁੱਝ ਘੋਰ ਫਿਰਕੂ ਅਤੇ ਜਾਤੀਵਾਦੀ ਸੋਚ ਨਾਲ ਡੰਗੇ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਕੀਤਾ ਜਾ ਰਿਹਾ ਹੈ। ਅਜੋਕੀ ਸਰਕਾਰ ਦੀ ਅਜਿਹੇ, ਆਪਣੇ ਆਪ ਨੂੰ ਸੰਵਿਧਾਨ/ਕਾਨੂੰਨ ਤੋਂ ਉਪਰ ਸਮਝਣ ਵਾਲੇ ਸੰਗਠਨਾਂ ਦੇ ਆਗੂਆਂ, ਜਿਨ੍ਹਾਂ 'ਚੋਂ ਅਨੇਕਾਂ ਖਿਲਾਫ ਅਪਰਾਧਕ ਮਾਮਲੇ ਵੀ ਦਰਜ ਹਨ, ਨੂੰ ਖੁੱਲ੍ਹੀ ਸਰਪ੍ਰਸਤੀ ਹਾਸਲ ਹੈ। ਐਮਰਜੈਂਸੀ ਤੋਂ ਵੀ ਅਗਾਂਹ ਜਾਂਦਿਆਂ ਇਹ ਅਨਸਰ ਆਮ ਲੋਕਾਂ ਦੇ ਸਮਾਜਿਕ-ਪਰਿਵਾਰਕ ਅਤੇ ਨਿੱਜੀ ਸਰੋਕਾਰਾਂ 'ਚ ਵੀ ਬੇਲੋੜਾ ਦਖਲ ਦਿੰਦੇ ਹਨ। ਜੇ ਉਸ ਵੇਲੇ ਸੰਵਿਧਾਨ ਤੋਂ ਉਪਰ ਸੱਤਾ ਦਾ ਕੇਂਦਰ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦੇ ਪਰਿਵਾਰਕ ਮੈਂਬਰ 'ਤੇ ਕਰੀਬੀ ਜੁੰਡਲੀ ਸੀ, ਤਾਂ ਅੱਜ ਅਜਿਹਾ ਸਮਾਨਅੰਤਰ ਸੱਤਾ ਕੇਂਦਰ ਨਾਗਪੁਰ ਵਿਚਲਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁੱਖ ਦਫਤਰ ਬਣ ਚੁੱਕਾ ਹੈ। ਬੀਤੇ 'ਚ ਆਪਣੇ ਆਪ ਨੂੰ ਸੱਭਿਆਚਾਰਕ ਜਾਂ ਸਮਾਜਕ ਸੰਗਠਨ ਐਲਾਨ ਕੇ ਗੁੱਝੀਆਂ ਰਾਜਸੀ ਸਰਗਰਮੀਆਂ ਕਰਨ ਵਾਲੇ ਸੰਘ ਦਾ ਮੁੱਖੀ ਭਾਵ ਸਰ ਸੰਘਚਾਲਕ ਹੁਣ ਸ਼ਰ੍ਹੇਆਮ ਸਰਕਾਰ ਦੇ ਮੁੱਖੀ ਨੂੰ ਆਪਣੇ ਕੋਲ ਸੱਦ ਕੇ ਸ਼ਾਸ਼ਨ ਚਲਾਉਣ ਦੀਆਂ ਹਿਦਾਇਤਾਂ (ਮਾਰਗ ਦਰਸ਼ਨ) ਦਿੰਦਾ ਹੈ। ਦੇਸ਼ ਭਰ 'ਚ ਔਰਤਾਂ, ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਅਤੇ ਅਨੁਸੂਚਿਤ ਜਾਤੀਆਂ-ਜਨਜਾਤੀਆਂ 'ਤੇ ਵਰਤਾਇਆ ਜਾ ਰਿਹਾ ਕਹਿਰ ਅਣਐਲਾਨੀ ਐਮਰਜੈਂਸੀ  ਦੀ ਭੱਦੀ ਵੰਨਗੀ ਹੈ। ਜਮਹੂਰੀ, ਧਰਮ ਨਿਰਪੱਖ ਅਤੇ ਵਿਗਿਆਨਕ ਪੈਂਤੜੇ ਤੋਂ ਹਰ ਕਿਸਮ ਦੇ ਫਿਰਕੂ, ਤਾਨਾਸ਼ਾਹੀ ਅਤੇ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਵਿਰੋਧ ਕਰਨ ਵਾਲੇ ਸਭਨਾ ਨੂੰ ਚੌਤਰਫ਼ਾ ਸਰੀਰਕ-ਮਾਨਸਿਕ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਖਾਸ ਫਿਰਕੇ ਵਿਚਲੇ ਕੱਟੜਪੰਥੀ ਸੰਗਠਨਾਂ ਦੀ ਮੰਸ਼ਾ ਮੁਤਾਬਕ ਇਤਿਹਾਸ, ਪਾਠਕ੍ਰਮ, ਕਲਾ ਨੂੰ ਜਬਰੀ ਮੋੜਾ ਦੇਣਾ ਐਮਰਜੈਂਸੀ ਤੋਂ ਵੀ ਵਧੇਰੇ ਖਤਰਨਾਕ ਹੈ।
ਵਿਚਾਰ - ਚਰਚਾ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਇਹ ਸੀ ਕਿ ਅਜੋਕਾ ਦੌਰ ਦੁਨੀਆਂ ਭਰ 'ਚ ਸਾਮਰਾਜੀ ਦੀ ਨੰਗੀ ਚਿੱਟੀ ਦਖਲਅੰਦਾਜ਼ੀ ਅਤੇ ਦੁਨੀਆਂ ਭਰ ਦੇ ਬੇਸ਼ਕੀਮਤੀ ਖਜ਼ਾਨਿਆਂ ਦੀ ਬੇਤਰਸ ਲੁੱਟ ਦਾ ਦੌਰ ਹੈ। ਸੰਸਾਰ ਦੇ ਇਕ ਧਰੁਵੀ ਹੋ ਜਾਣ ਕਾਰਨ ਅਨੇਕਾਂ ਦੇਸ਼ਾਂ, ਖਾਸ ਕਰ ਨਵੇਂ ਆਜ਼ਾਦ ਹੋਏ ਦੇਸ਼ਾਂ ਦੀਆਂ ਸਰਕਾਰਾਂ ਸੰਸਾਰ ਸਾਮਰਾਜੀ ਦੇਸ਼ਾਂ ਦੇ ਉਕਤ ਕੋਝੇ ਮੰਤਵ 'ਚ ਪੂਰੀ ਤਰ੍ਹਾਂ ਭਾਈਵਾਲ ਅਤੇ ਮਦਦਗਾਰ ਬਣ ਚੁੱਕੀਆਂ ਹਨ। ਭਾਰਤ ਦੀ ਮੋਦੀ ਸਰਕਾਰ, ਇਸ ਵਰਤਾਰੇ ਦੀਆਂ ਸਭ ਤੋਂ ਭੱਦੀਆਂ ਮਿਸਾਲਾਂ 'ਚੋਂ ਇਕ ਹੈ। ਉਕਤ ਲੁੱਟ ਖਿਲਾਫ ਖੜ੍ਹੇ ਹੋਣ ਵਾਲੇ ਹਰ ਪੱਧਰ ਦੇ ਪ੍ਰਤੀਰੋਧ ਨੂੰ ਮੁੱਢੋਂ ਹੀ ਦਬਾ ਦੇਣ ਦੇ ਇਰਾਦੇ ਨਾਲ ਸਥਾਪਤ ਜਮਹੂਰੀ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕੀਤਾ ਜਾ ਰਿਹਾ ਹੈ। ਸੰਵਿਧਾਨਕ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਵਿਧਾਨਕ ਸੋਧਾਂ ਤੋਂ ਬਿਨਾਂ ਵੀ ਤਾਨਾਸ਼ਾਹੀ ਦਾ ਕਹਿਰ ਵਰਤਾਇਆ ਜਾ ਰਿਹਾ ਹੈ। ਇਹ ਅੱਜ ਅਜੋਕੇ ਦੌਰ ਦੀ ਨਵੀਂ ਅਤੇ ਉਸਤੋਂ ਵੀ ਕਿਤੇ ਵੱਧ ਜ਼ਾਲਿਮ ਕਿਸਮ ਦੀ ਐਮਰਜੈਂਸੀ ਹੈ। ਐਮਰਜੈਂਸੀ ਵਾਂਗੂ ਮੀਡੀਆ (NDTV ਆਦਿ) ਨੂੰ ਦਬਾਇਆ ਵੀ ਜਾ ਰਿਹਾ ਹੈ, ਪਰ ਕਿਤੇ ਵਧੇਰੇ ਮਾਤਰਾ 'ਚ ਪੈਸੇ ਦੇ ਜ਼ੋਰ 'ਤੇ ਮੀਡੀਆ ਦੀ ਅਵਾਜ ਖਰੀਦ ਹੀ ਲਈ ਗਈ ਹੈ।
ਸਭਾ ਦੇ ਆਗੂਆਂ ਨੇ ਇਸ ਗੱਲ 'ਤੇ ਭਰਵੀਂ ਵਿਚਾਰ-ਚਰਚਾ ਕੀਤੀ ਕਿ ਇਸ ਹਾਲਾਤ ਜਮਹੂਰੀ, ਬਰਾਬਰਤਾ ਅਧਾਰਤ, ਧਰਮ ਨਿਰਪੱਖ, ਵਿਗਿਆਨਕ ਵਿਚਾਰਾਂ 'ਤੇ ਕਿੰਝ ਡੱਟ ਕੇ ਪਹਿਰਾ ਦਿੱਤਾ ਜਾਵੇ ਅਤੇ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਜਿਵੇਂ ਬੇਰੋਜ਼ਗਾਰੀ, ਅਨਪੜ੍ਹਤਾ, ਇਲਾਜ ਖੁਣੋਂ ਮੌਤਾਂ, ਬੇਘਰਿਆਂ ਦੀ ਨਿੱਤ ਵੱਧ ਰਹੀ ਤਾਦਾਦ, ਸੱਭਿਆਚਾਰਕ ਨਿਘਾਰ ਹਕੂਮਤੀ ਲੁੱਟ ਦਾ ਜਰੀਆ ਨਸ਼ਾਖੋਰੀ ਆਦਿ ਵਿਰੁੱਧ ਇਕ ਵਿਸ਼ਾਲ ਨੌਜਵਾਨ ਲਹਿਰ ਉਸਾਰੀ ਜਾਵੇ।
ਸਟੱਡੀ ਸਰਕਲ ਨੂੰ ਢੁੱਕਵੀਂ ਸੇਧ ਦੇਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਮਹੂਰੀ ਲਹਿਰ ਦੇ ਉਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ।
ਸਾਰਾ ਸਟੱਡੀ ਸਰਕਲ ਸਭਾ ਦੇ ਆਗੂਆਂ ਜਸਵਿੰਦਰ ਸਿੰਘ ਢੇਸੀ, ਮਨਦੀਪ ਸਿੰਘ ਰਤੀਆ, ਬਲਦੇਵ ਸਿੰਘ ਪੰਡੋਰੀ ਅਤੇ ਅਜੈ ਫਿਲੌਰ, ਮਨਜਿੰਦਰ ਢੇਸੀ, ਮਨਦੀਪ ਕੌਰ ਸ਼ਕਰੀ ਦੀ ਦੇਖ ਰੇਖ 'ਚ ਚੱਲਿਆ।
ਜਾਰੀ ਕਰਤਾ
(ਮਨਦੀਪ ਰਤੀਆ)

Tuesday, 13 June 2017

ਮਹਿਲਾ ਪੁਲਸ ਕਰਮੀ ਨਾਲ ਸਬੰਧਤ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਉਪਰੰਤ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ

ਜਲੰਧਰ , 13 ਜੂਨ - ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਸਹਿਕਰਮੀਆਂ ਦੇ ਮਾੜੇ ਵਤੀਰੇ ਤੋਂ ਅੱਕ ਕੇ ਜਾਨ ਗੁਆਉਣ ਵਾਲੀ, ਮਹਿਲਾ ਪੁਲਸ ਕਰਮੀ, ਅਮਨਪ੍ਰੀਤ ਕੌਰ ਨਾਲ ਸਬੰਧਤ ਸਮੁੱਚੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਉਪਰੰਤ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਨੇ ਕੁੱਝ ਸਮਾਂ ਪਹਿਲਾਂ ਡੀ.ਐਸ.ਪੀ. ਕੋਲ ਆਪਣੇ ਥਾਣੇ ਜੋਧਾਂ ਦੇ ਮੁਨਸ਼ੀ ਖਿਲਾਫ ਦੁਰਵਿਹਾਰ ਅਤੇ ਮਾੜੀ ਮੰਸ਼ਾਂ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਅਧਾਰ 'ਤੇ ਅਮਨਪ੍ਰੀਤ ਦੀ ਬਦਲੀ ਕਿਸੇ ਹੋਰ ਥਾਣੇ ਵਿਚ ਕਰ ਦਿੱਤੀ ਗਈ ਸੀ। ਪਰ ਪਤਾ ਨਹੀਂ ਕਿਸ ਕਾਰਣ ਉਸ ਨੂੰ ਫਿਰ ਥਾਣਾਂ ਜੋਧਾਂ ਵਿਖੇ ਹੀ ਤਾਇਨਾਤ ਕਰ ਦਿੱਤਾ ਗਿਆ। ਜਾਪਦਾ ਹੈ ਕਿ ਜੋਧਾਂ ਥਾਣੇ ਵਿਖੇ ਮੁੜ ਲਾਏ ਜਾਣ ਦੀ ਇਹ ਘਟਨਾ ਅਮਨਪ੍ਰੀਤ ਲਈ ਜਾਨ ਦਾ ਖੌਅ ਬਣ ਗਈ। 
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਸਭਾ ਦੀ ਪ੍ਰਧਾਨ ਬੀਬੀ ਦਰਸ਼ਨ ਕੌਰ ਅਤੇ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਨੇ ਕਿਹਾ ਕਿ ਕੰਮਕਾਜੀ ਬੀਬੀਆਂ ਤੇ ਉਹ ਵੀ ਪੁਲਸ ਕਰਮਚਾਰੀ ਘੋਰ ਅਸੁਰੱਖਿਆ ਵਾਲੇ ਮਾਹੌਲ 'ਚ ਕੰਮ ਕਰ ਰਹੀਆਂ ਹਨ, ਜਿਸ ਦਾ ਪ੍ਰਗਟਾਵਾ ਅਮਨਪ੍ਰੀਤ ਦੇ ਸਵੈਘਾਤ ਤੋਂ ਜਾਹਿਰ ਹੁੰਦਾ ਹੈ। ਇਸਤਰੀ ਆਗੂਆਂ ਨੇ ਦੋਸ਼ੀਆਂ ਨੂੰ ਤੁਰੰਤ ਡਿਸਮਿਸ ਕੀਤੇ ਜਾਣ ਦੀ ਵੀ ਮੰਗ ਕੀਤੀ।  ਬੀਬੀ ਦਰਸ਼ਨ ਕੌਰ ਅਤੇ ਨੀਲਮ ਘੁਮਾਣ ਨੇ ਅੱਗੋਂ ਕਿਹਾ ਕਿ ਵੱਖੋ ਵੱਖ ਵੰਨਗੀ ਦੀਆਂ ਸਰਕਾਰਾਂ ਹਰ ਖੇਤਰ 'ਚ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀਆਂ ਡੀਂਗਾਂ ਬੇਸ਼ੱਕ ਜਿੰਨੀਆਂ ਮਰਜ਼ੀ ਮਾਰੀਆਂ ਜਾਣ ਪਰ ਦੇਸ਼ ਦੇ ਸਾਰੇ ਭਾਗਾਂ 'ਚ ਔਰਤਾਂ ਨਾਲ ਹੋ ਰਹੇ ਜਿਣਸੀ ਅੱਤਿਆਚਾਰ ਜ਼ਮੀਨੀ ਕਰੂਰ ਹਾਲਤਾਂ ਬਿਆਨ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਕੰਮ ਥਾਵਾਂ ਬਲਕਿ ਘਰਾਂ ਵਿਚ ਵੀ ਔਰਤਾਂ, ਖਾਸ ਕਰ ਬਾਲੜੀਆਂ ਆਰਥਕ ਸ਼ੋਸ਼ਣ ਤੋਂ ਇਲਾਵਾ ਲਿੰਗਕ ਵਿਤਕਰੇ ਅਤੇ ਵਾਸਣਾ 'ਚੋਂ ਉਪਜੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਸਤਰੀ ਆਗੂਆਂ ਨੇ ਸਮੂਹ ਔਰਤਾਂ ਨੂੰ ਉਕਤ ਵਰਤਾਰੇ ਵਿਰੁੱਧ ਹਰ ਪੱਧਰ 'ਤੇ ਵੱਖੋ ਵੱਖ ਢੰਗਾਂ ਨਾਲ ਆਵਾਜ਼ ਬੁਲੰਦ ਕਰਨ ਅਤੇ ਸੰਗਰਾਮਾਂ 'ਚ ਨਿੱਤਰਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸਭਾ ਵਲੋਂ ਉਕਤ ਜਾਲਮਾਨਾ ਰਵੱਈਏ ਵਿਰੁੱਧ ਥਾਂ ਪੁਰ ਥਾਂ ਮੁਜ਼ਾਹਰੇ, ਰੈਲੀਆਂ, ਮੀਟਿੰਗਾਂ, ਜੱਥਾ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਦੀ ਸ਼ੁਰੂਆਤ ਕਸਬਾ ਘੁਮਾਣ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਰਾਹੀਂ ਕੀਤੀ ਜਾਵੇਗੀ।
ਭੈਣ ਦਰਸ਼ਨ ਕੌਰ ਅਤੇ ਸਾਥੀ ਨੀਲਮ ਘੁਮਾਣ ਵਲੋਂ ਸਮੁੱਚੀ ਜਮਹੂਰੀ ਲਹਿਰ ਨੂੰ ਉਕਤ ਵਰਤਾਰੇ ਵਿਰੁੱਧ ਸੰਗਰਾਮ ਸਿਰਜਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ 'ਚ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਨਾ ਕੇਵਲ ਔਰਤਾਂ ਦੀ ਚੌਤਰਫ਼ਾ ਲੁੱਟ ਤਿੱਖੀ ਹੋਈ ਹੈ ਬਲਕਿ ਸਰਕਾਰੀ ਥਾਪੜਾ ਪ੍ਰਾਪਤ ਫਿਰਕੂ ਮਧਯੁੱਗੀ ਸੋਚ ਨਾਲ ਡੰਗੇ, ਮਨੂੰਵਾਦ ਦੀ ਮੁੜ ਕਾਇਮੀ ਲਈ ਯਤਨਸ਼ੀਲ ਸੰਘੀ ਅਨਸਰਾਂ ਵਲੋਂ ਔਰਤਾਂ ਖਿਲਾਫ਼ ਜਿਣਸੀ ਹਿੰਸਾ ਦੇ ਵੀ ਸਾਰੇ ਰਿਕਾਰਡ ਮਾਤ ਪਾ ਦਿੱਤੇ ਗਏ ਹਨ।
(ਨੀਲਮ ਘੁਮਾਣ)

Wednesday, 7 June 2017

ਦਿਹਾਤੀ ਮਜ਼ਦੂਰ ਸਭਾ ਦੀ ਕਨਵੈਨਸ਼ਨ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ 'ਤੇ ਹੋਈ ਚਰਚਾ

ਦਿਹਾਤੀ ਮਜ਼ਦੂਰ ਸਭਾ ਦੀ ਕਨਵੈਨਸ਼ਨ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ 'ਤੇ ਹੋਈ ਚਰਚਾ




 
ਜਲੰਧਰ, 7 ਜੂਨ -     ਦਿਹਾਤੀ ਮਜ਼ਦੂਰ ਸਭਾ ਵਲੋਂ ਇਕ ਸੂਬਾਈ ਨੁਮਾਇੰਦਾ ਕਨਵੈਨਸ਼ਨ, ਅੱਜ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਸਰਵ ਸਾਥੀ ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਵਿਚ ਹੋਈ ਇਸ ਕਨਵੈਨਸ਼ਨ ਦੇ ਉਦੇਸ਼ਾਂ 'ਤੇ ਰੌਸ਼ਨੀ ਪਾਉਂਦਾ ਪਹੁੰਚ ਪੱਤਰ ਸਾਥੀ ਗੁਰਨਾਮ ਸਿੰਘ ਦਾਊਦ ਵਲੋਂ ਪੇਸ਼ ਕੀਤਾ ਗਿਆ। ਪਹੁੰਚ ਪੱਤਰ ਵਿਚ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਉਨ੍ਹਾਂ ਨਾਲ ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ, ਕੇਂਦਰੀ ਅਤੇ ਸੂਬਾਈ ਸਰਕਾਰ ਵਲੋਂ ਕੀਤੇ ਚੋਣ ਵਾਅਦਿਆਂ ਤੋਂ ਮੁਕਰਨ ਆਦਿ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ।
ਪਹੁੰਚ ਪੱਤਰ ਵਿਚ ਇਹ ਗੱਲ ਵਿਸੇਸ਼ ਤੌਰ 'ਤੇ ਉਭਾਰੀ ਗਈ ਕਿ ਘੋਰ ਜਾਤੀਪਾਤੀ ਵੰਡ ਦੀ ਹਮਾਇਤੀ ਮੰਨੂੰ ਸਮਿਰਤੀ ਨੂੰ ਮੁੜ ਲਾਗੂ ਕੀਤੇ ਜਾਣ ਦੇ ਮੁੱਦਈ ਆਰ.ਐਸ.ਐਸ. ਤੋਂ ਸੇਧ ਲੈ ਕੇ ਚੱਲਣ ਵਾਲੀ ਭਾਜਪਾ ਦੀ ਕੇਂਦਰ ਅਤੇ ਸੂਬਿਆਂ ਵਿਚ ਹਕੂਮਤ ਕਾਇਮ ਹੋਣ ਤੋਂ ਬਾਅਦ ਦਲਿਤਾਂ 'ਤੇ ਜਾਤੀਵਾਦੀ ਜ਼ੁਲਮਾਂ 'ਚ ਤੇਜੀ ਆਈ ਹੈ।
ਪਹੁੰਚ ਪੱਤਰ ਵਿਚ ਇਹ ਨੁਕਤਾ ਉਚੇਚ ਨਾਲ ਉਭਾਰਿਆ ਗਿਆ ਕਿ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੀ ਸਭ ਤੋਂ ਵਧੇਰੇ ਮਾਰ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੇ ਝੱਲੀ ਹੈ।
ਪਹੁੰਚ ਪੇਪਰ ਵਿਚ ਹਾਜਰ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਉਕਤ ਮਜ਼ਦੂਰ ਦੋਖੀ ਵਰਤਾਰੇ ਦੇ ਖਾਤਮੇ ਅਤੇ ਹੋਰ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੜਾਅਵਾਰ ਸੰਘਰਸ਼ਾਂ ਦੀ ਉਸਾਰੀ ਲਈ ਜੁਟ ਜਾਣ। ਇਹ ਵੀ ਸੱਦਾ ਦਿੱਤਾ ਗਿਆ ਕਿ ਸੂਬੇ ਅਤੇ ਦੇਸ਼ ਵਿਚ ਪੇਂਡੂ 'ਤੇ ਖੇਤ ਮਜ਼ਦੂਰਾਂ 'ਚ ਕੰਮ ਕਰਦੀਆਂ ਹੋਰਨਾਂ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਸਾਂਝੇ ਸੰਗਰਾਮਾਂ ਵੱਲ ਵਧਿਆ ਜਾਵੇ। ਸਾਥੀ ਲਾਲ ਚੰਦ ਕਟਾਰੂਚੱਕ, ਮਹੀਪਾਲ, ਜਸਪਾਲ ਝਬਾਲ, ਜਗਜੀਤ ਜੱਸੇਆਣਾ, ਪਰਮਜੀਤ ਰੰਧਾਵਾ ਨੇ ਪਹੁੰਚ ਪੇਪਰ ਵਿਚ ਸੁਝਾਈ ਗਈ ਸਮੁੱਚੀ ਸੇਧ ਦਾ ਸਮਰਥਨ ਕੀਤਾ। ਹਾਜਰ ਪ੍ਰਤੀਨਿਧਾਂ ਵਲੋਂ ਸਰਵਸੰਮਤੀ ਨਾਲ ਝੋਨੇ ਦੀ ਲੁਆਈ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਪਹੁੰਚ ਪੱਤਰ ਦੀ ਭਾਵਨਾ ਅਨੁਸਾਰ ਬਲਾਕ ਪੱਧਰ ਤੋਂ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ।
ਕਨਵੈਨਸ਼ਨ ਵਿਚ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਨਵੈਨਸ਼ਨ ਦੇ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉਕਤ ਪਹੁੰਚ ਪੇਪਰ ਵਿਚ ਦਰਜ ਮੰਗਾਂ/ਮਸਲਿਆਂ ਪ੍ਰਤੀ ਪੂਰੀ ਇਕਮੁੱਠਤਾ ਜਾਹਿਰ ਕਰਦੀ ਹੈ ਅਤੇ ਪਾਰਟੀ ਵਲੋਂ ਵੀ ਉਕਤ ਸੇਧ ਵਿਚ ਸੰਗਰਾਮ ਉਲੀਕੇ ਜਾਣਗੇ।
ਅਰੰਭ ਵਿਚ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਹੁਕਮਾਂ 'ਤੇ ਹੋਈ ਗੋਲੀਬਾਰੀ ਵਿਚ ਸ਼ਹੀਦ ਹੋਏ ਮੰਦਸੌਰ ਦੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਕ ਮਤੇ ਰਾਹੀਂ ਸੈਂਚੂਰੀ ਪਲਾਈਵੁੱਡ ਦੌਲੋਵਾਲ ਦੇ ਮਾਲਕਾਂ ਦੇ ਪਾਲੇ ਗੁੰਡਿਆਂ ਵਲੋਂ ਸੰਘਰਸ਼ ਕਮੇਟੀ ਦੀ ਮਹਿਲਾ ਆਗੂ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖਤ ਸ਼ਜਾਵਾਂ ਦੇਣ ਦੀ ਮੰਗ ਕੀਤੀ ਗਈ।
ਇਕ ਹੋਰ ਮਤੇ ਰਾਹੀਂ ਐਨ.ਡੀ.ਟੀ.ਵੀ. ਨਿਊਜ਼ ਚੈਨਲ ਅਤੇ ਹੋਰਨਾਂ ਸੂਚਨਾ ਮਾਧਿਅਮ ਦੀ ਅਵਾਜ਼ ਬੰਦ ਕਰਨ ਲਈ ਕੀਤੇ ਜਾ ਰਹੇ ਸਰਕਾਰੀ ਹੱਲਿਆਂ ਦੀ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਤੋਂ ਬਾਅਦ ਦਲਿਤਾਂ 'ਤੇ ਥਾਂ ਪੁਰ ਥਾਂ ਹੋ ਰਹੇ ਜਾਤੀਵਾਦੀ ਜ਼ੁਲਮਾਂ ਖਿਲਾਫ਼ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ। 


(ਗੁਰਨਾਮ ਸਿੰਘ ਦਾਊਦ)