Wednesday, 7 June 2017

ਦਿਹਾਤੀ ਮਜ਼ਦੂਰ ਸਭਾ ਦੀ ਕਨਵੈਨਸ਼ਨ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ 'ਤੇ ਹੋਈ ਚਰਚਾ

ਦਿਹਾਤੀ ਮਜ਼ਦੂਰ ਸਭਾ ਦੀ ਕਨਵੈਨਸ਼ਨ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ 'ਤੇ ਹੋਈ ਚਰਚਾ




 
ਜਲੰਧਰ, 7 ਜੂਨ -     ਦਿਹਾਤੀ ਮਜ਼ਦੂਰ ਸਭਾ ਵਲੋਂ ਇਕ ਸੂਬਾਈ ਨੁਮਾਇੰਦਾ ਕਨਵੈਨਸ਼ਨ, ਅੱਜ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਸਰਵ ਸਾਥੀ ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਵਿਚ ਹੋਈ ਇਸ ਕਨਵੈਨਸ਼ਨ ਦੇ ਉਦੇਸ਼ਾਂ 'ਤੇ ਰੌਸ਼ਨੀ ਪਾਉਂਦਾ ਪਹੁੰਚ ਪੱਤਰ ਸਾਥੀ ਗੁਰਨਾਮ ਸਿੰਘ ਦਾਊਦ ਵਲੋਂ ਪੇਸ਼ ਕੀਤਾ ਗਿਆ। ਪਹੁੰਚ ਪੱਤਰ ਵਿਚ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਮਾੜੀ ਆਰਥਕ ਸਮਾਜਕ ਹਾਲਤ, ਉਨ੍ਹਾਂ ਨਾਲ ਹੁੰਦੇ ਸਮਾਜਕ ਵਿਤਕਰੇ ਅਤੇ ਜਾਤੀਪਾਤੀ ਜ਼ੁਲਮਾਂ, ਮਜ਼ਦੂਰ ਦੋਖੀ ਸਰਕਾਰੀ ਨੀਤੀਆਂ, ਕੇਂਦਰੀ ਅਤੇ ਸੂਬਾਈ ਸਰਕਾਰ ਵਲੋਂ ਕੀਤੇ ਚੋਣ ਵਾਅਦਿਆਂ ਤੋਂ ਮੁਕਰਨ ਆਦਿ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ।
ਪਹੁੰਚ ਪੱਤਰ ਵਿਚ ਇਹ ਗੱਲ ਵਿਸੇਸ਼ ਤੌਰ 'ਤੇ ਉਭਾਰੀ ਗਈ ਕਿ ਘੋਰ ਜਾਤੀਪਾਤੀ ਵੰਡ ਦੀ ਹਮਾਇਤੀ ਮੰਨੂੰ ਸਮਿਰਤੀ ਨੂੰ ਮੁੜ ਲਾਗੂ ਕੀਤੇ ਜਾਣ ਦੇ ਮੁੱਦਈ ਆਰ.ਐਸ.ਐਸ. ਤੋਂ ਸੇਧ ਲੈ ਕੇ ਚੱਲਣ ਵਾਲੀ ਭਾਜਪਾ ਦੀ ਕੇਂਦਰ ਅਤੇ ਸੂਬਿਆਂ ਵਿਚ ਹਕੂਮਤ ਕਾਇਮ ਹੋਣ ਤੋਂ ਬਾਅਦ ਦਲਿਤਾਂ 'ਤੇ ਜਾਤੀਵਾਦੀ ਜ਼ੁਲਮਾਂ 'ਚ ਤੇਜੀ ਆਈ ਹੈ।
ਪਹੁੰਚ ਪੱਤਰ ਵਿਚ ਇਹ ਨੁਕਤਾ ਉਚੇਚ ਨਾਲ ਉਭਾਰਿਆ ਗਿਆ ਕਿ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੀ ਸਭ ਤੋਂ ਵਧੇਰੇ ਮਾਰ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੇ ਝੱਲੀ ਹੈ।
ਪਹੁੰਚ ਪੇਪਰ ਵਿਚ ਹਾਜਰ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਉਕਤ ਮਜ਼ਦੂਰ ਦੋਖੀ ਵਰਤਾਰੇ ਦੇ ਖਾਤਮੇ ਅਤੇ ਹੋਰ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੜਾਅਵਾਰ ਸੰਘਰਸ਼ਾਂ ਦੀ ਉਸਾਰੀ ਲਈ ਜੁਟ ਜਾਣ। ਇਹ ਵੀ ਸੱਦਾ ਦਿੱਤਾ ਗਿਆ ਕਿ ਸੂਬੇ ਅਤੇ ਦੇਸ਼ ਵਿਚ ਪੇਂਡੂ 'ਤੇ ਖੇਤ ਮਜ਼ਦੂਰਾਂ 'ਚ ਕੰਮ ਕਰਦੀਆਂ ਹੋਰਨਾਂ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਸਾਂਝੇ ਸੰਗਰਾਮਾਂ ਵੱਲ ਵਧਿਆ ਜਾਵੇ। ਸਾਥੀ ਲਾਲ ਚੰਦ ਕਟਾਰੂਚੱਕ, ਮਹੀਪਾਲ, ਜਸਪਾਲ ਝਬਾਲ, ਜਗਜੀਤ ਜੱਸੇਆਣਾ, ਪਰਮਜੀਤ ਰੰਧਾਵਾ ਨੇ ਪਹੁੰਚ ਪੇਪਰ ਵਿਚ ਸੁਝਾਈ ਗਈ ਸਮੁੱਚੀ ਸੇਧ ਦਾ ਸਮਰਥਨ ਕੀਤਾ। ਹਾਜਰ ਪ੍ਰਤੀਨਿਧਾਂ ਵਲੋਂ ਸਰਵਸੰਮਤੀ ਨਾਲ ਝੋਨੇ ਦੀ ਲੁਆਈ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਪਹੁੰਚ ਪੱਤਰ ਦੀ ਭਾਵਨਾ ਅਨੁਸਾਰ ਬਲਾਕ ਪੱਧਰ ਤੋਂ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ।
ਕਨਵੈਨਸ਼ਨ ਵਿਚ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਨਵੈਨਸ਼ਨ ਦੇ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉਕਤ ਪਹੁੰਚ ਪੇਪਰ ਵਿਚ ਦਰਜ ਮੰਗਾਂ/ਮਸਲਿਆਂ ਪ੍ਰਤੀ ਪੂਰੀ ਇਕਮੁੱਠਤਾ ਜਾਹਿਰ ਕਰਦੀ ਹੈ ਅਤੇ ਪਾਰਟੀ ਵਲੋਂ ਵੀ ਉਕਤ ਸੇਧ ਵਿਚ ਸੰਗਰਾਮ ਉਲੀਕੇ ਜਾਣਗੇ।
ਅਰੰਭ ਵਿਚ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਹੁਕਮਾਂ 'ਤੇ ਹੋਈ ਗੋਲੀਬਾਰੀ ਵਿਚ ਸ਼ਹੀਦ ਹੋਏ ਮੰਦਸੌਰ ਦੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਕ ਮਤੇ ਰਾਹੀਂ ਸੈਂਚੂਰੀ ਪਲਾਈਵੁੱਡ ਦੌਲੋਵਾਲ ਦੇ ਮਾਲਕਾਂ ਦੇ ਪਾਲੇ ਗੁੰਡਿਆਂ ਵਲੋਂ ਸੰਘਰਸ਼ ਕਮੇਟੀ ਦੀ ਮਹਿਲਾ ਆਗੂ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖਤ ਸ਼ਜਾਵਾਂ ਦੇਣ ਦੀ ਮੰਗ ਕੀਤੀ ਗਈ।
ਇਕ ਹੋਰ ਮਤੇ ਰਾਹੀਂ ਐਨ.ਡੀ.ਟੀ.ਵੀ. ਨਿਊਜ਼ ਚੈਨਲ ਅਤੇ ਹੋਰਨਾਂ ਸੂਚਨਾ ਮਾਧਿਅਮ ਦੀ ਅਵਾਜ਼ ਬੰਦ ਕਰਨ ਲਈ ਕੀਤੇ ਜਾ ਰਹੇ ਸਰਕਾਰੀ ਹੱਲਿਆਂ ਦੀ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਤੋਂ ਬਾਅਦ ਦਲਿਤਾਂ 'ਤੇ ਥਾਂ ਪੁਰ ਥਾਂ ਹੋ ਰਹੇ ਜਾਤੀਵਾਦੀ ਜ਼ੁਲਮਾਂ ਖਿਲਾਫ਼ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ। 


(ਗੁਰਨਾਮ ਸਿੰਘ ਦਾਊਦ)

No comments:

Post a Comment