Saturday, 19 November 2016

ਪੰਜਾਬ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਬਠਿੰਡਾ ਰੈਲੀ ਦੀ ਹਮਾਇਤ ਦਾ ਐਲਾਨ

ਜਲੰਧਰ, 19 ਨਵੰਬਰ- ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ 22 ਨਵੰਬਰ ਨੂੰ ਬਠਿੰਡਾ ਵਿਖੇ ਥਰਮਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਵਿੱਚ ਹੋ ਰਹੀ ਰੈਲੀ ’ਚ ਪੂਰੀ ਸ਼ਕਤੀ ਨਾਲ ਹਿੱਸਾ ਲਵੇਗੀ। ਇਹ ਜਾਣਕਾਰੀ ਅੱਜ ਇਕ ਲਿਖਤੀ ਬਿਆਨ ਰਾਹੀਂ ਸੰਘਰਸ਼ ਕਮੇਟੀ ਦੀ ਅਹਿਮ ਭਾਈਵਾਲ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਮੁਖ ਦਫ਼ਤਰ 1406, 22ਬੀ ਚੰਡੀਗੜ੍ਹ ਦੇ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਵੇਦ ਪ੍ਰਕਾਸ਼ ਸ਼ਰਮਾ ਨੇ ਦਿੱਤੀ। ਜਿਕਰਯੋਗ ਹੈ ਕਿ ਗੁਰੂ ਨਾਨਕ ਖਰਮਲ ਪਲਾਂਟ ਬਠਿੰਡਾ ਅਤੇ ਸਰਕਾਰੀ ਮਾਲਕੀ ਵਾਲੇ ਦੂਜੇ ਦੋਨੋਂ ਥਰਮਲਾਂ ਨੂੰ ਬੰਦ ਕਰਨ ਦੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਸਾਜਿਸ਼ ਵਿਰੁੱਧ ਥਰਮਲ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦਾ ਸਾਂਝਾ ਫ਼ੋਰਮ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਦੋਹਾਂ ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਉਹ ਅਜਿਹੇ ਮੁਲਾਜ਼ਮ ਵਿਰੋਧੀ/ ਪੰਜਾਬ ਵਿਰੋਧੀ ਕਦਮਾਂ ਤੋਂ ਬਾਜ ਆਵੇ ਅਤੇ ਕੱਢੇ ਕੱਚੇ ਕਾਮੇ ਬਹਾਲ ਕਰਦਿਆਂ ਹੋਇਆਂ ਇੰਨਾਂ ਥਰਮਲਾਂ ਨੂੰ ਪੂਰੀ ਸਮਰਥਾ ਨਾਲ ਚਲਾਵੇ। ਸਾਥੀ ਰਾਣਾ ਅਤੇ ਸ਼ਰਮਾ ਨੇ ਐਲਾਨ ਕੀਤਾ ਕਿ ਮੁਲਾਜ਼ਮ ਸੰਘਰਸ਼ ਕਮੇਟੀ ’ਚ ਸ਼ਾਮਲ ਸਾਰੀਆਂ ਫ਼ੈਡਰੇਸ਼ਨਾਂ ਅਤੇ ਅੱਗੋਂ ਇੰਨ੍ਹਾਂ ਫ਼ੈਡਰੇਸ਼ਨਾਂ ਨਾਲ ਅਲਹਾਕਬੱਧ ਸਾਰੀਆਂ ਜਥੇਬੰਦੀਆਂ ਥਰਮਲ ਕਾਮਿਆਂ ਦੇ ਹੱਕੀ ਘੋਲ ਨੂੰ ਪੂਰਾ ਪੂਰਾ ਸਮਰਥਨ ਦੇਣਗੀਆਂ।

ਜੇਪੀਐਮਓ ਵਲੋਂ ਥਰਮਲ ਕਾਮਿਆਂ ਦੀ ਰੈਲੀ ’ਚ ਸ਼ਾਮਲ ਹੋਣ ਦਾ ਐਲਾਨ

ਜਲੰਧਰ, 19 ਨਵੰਬਰ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਨੇ 22 ਨਵੰਬਰ ਨੂੰ ਥਰਮਲ ਕਾਮਿਆਂ ਵਲੋਂ ਕੀਤੀ ਜਾ ਰੈਲੀ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮੰਚ ’ਚ ਸ਼ਾਮਲ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ, ਐਨਆਰਐਮਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ, ਬਾਰਡਰ ਏਰੀਆ ਸੰਘਰਸ਼ ਕਮੇਟੀ, ਮੰਡ-ਬੇਟ ਆਬਾਦਕਰ ਸੰਘਰਸ਼ ਕਮੇਟੀ, ਨਰਮਾ ਪੱਟੀ ਸੰਘਰਸ਼ ਕਮੇਟੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਹੋਰ ਅਨੇਕਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਅਤੇ ਵਰਕਰ ਬਠਿੰਡਾ ਵਿਖੇ 22 ਨਵੰਬਰ ਨੂੰ ਹੋ ਰਹੀ ਥਰਮਲ ਕਾਮਿਆਂ ਦੀ ਰੈਲੀ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ। ਇਹ ਫੈਸਲਾ ਅੱਜ ਉਕਤ ਜਥੇਬੰਦੀਆਂ ਦੀ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕਤੱਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ’ਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਥਰਮਲ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦਾ ਸਾਂਝਾ ਫੋਰਮ ਕੱਢੇ ਹੋਏ ਠੇਕਾ ਕਰਮਚਾਰੀ ਬਹਾਲ ਕਰਵਾਉਣ ਅਤੇ ਥਰਮਲ ਬੰਦ ਕਰਨ ਦੀ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਸਾਜਿਸ਼ ਫ਼ੇਲ੍ਹ ਕਰਨ ਲਈ ਸੰਗਰਾਮ ਦੇ ਮੈਦਾਨ ਵਿਚ ਨਿਤਰੇ ਹਨ ਅਤੇ ਮੰਚ ਨੇ ਉਨ੍ਹਾਂ ਦੇ ਹੱਕੀ ਸੰਗਰਾਮ ਨੂੰ ਹਰ ਪੱਖੋਂ ਸਹਿਯੋਗ ਦੇਣ ਦੇ ਫ਼ੈਸਲਾ ਕੀਤਾ ਹੈ।
ਮੀਟਿੰਗ ’ਚ ਸਾਥੀ ਸ਼ਿਵ ਦੱਤ, ਵੇਦ ਪ੍ਰਕਾਸ਼ ਸ਼ਰਮਾ, ਨੀਲਮ ਘੁਮਾਣ, ਪਰਗਟ ਸਿੰਘ ਜਾਮਾਰਾਏ, ਅਰਸਾਲ ਸਿੰਘ ਸੰਧੂ, ਗੰਗਾ ਪ੍ਰਸ਼ਾਦ, ਸ਼ਿਵ ਕੁਮਾਰ ਪਠਾਨਕੋਟ, ਇੰਦਰਜੀਤ ਗਰੇਵਾਲ, ਜਸਵਿੰਦਰ ਸਿੰਘ ਢੇਸੀ, ਅਜੈ ਫਿਲੌਰ, ਦਰਸ਼ਨ ਨਾਹਰ ਆਦਿ ਆਗੂ ਸ਼ਾਮਲ ਸਨ।

Wednesday, 2 November 2016

ਥਰਮਲ ਪਲਾਂਟ ਦੇ ਕਾਮਿਆਂ 'ਤੇ ਲਾਠੀਚਾਰਜ ਦੀ ਨਿਖੇਧੀ

ਬਠਿੰਡਾ, 2 ਨਵੰਬਰ- ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕੀਤੇ ਜਾਣ ਵਿਰੁੱਧ ਲੰਮੇ ਸਮੇਂ ਤੋਂ ਸੰਵਿਧਾਨਕ ਢੰਗ ਤਰੀਕੇ ਨਾਲ ਸੰਘਰਸ਼ ਕਰ ਰਹੇ ਮੁਲਾਜ਼ਮਾਂ ਅਤੇ ਠੇਕਾ ਕਰਮੀਆਂ 'ਤੇ ਅੱਜ ਬਠਿੰਡਾ ਵਿਖੇ ਕੀਤੇ ਗਏ ਵਹਿਸ਼ੀਆਨਾ ਪੁਲੀਸ ਲਾਠੀਚਾਰਜ ਦੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਨੇ ਸਖਤ ਨਿਖੇਧੀ ਕੀਤੀ। ਇਥੋਂ ਜਾਰੀ ਪ੍ਰੈਸ ਬਿਆਨ ਰਾਹੀ ਮੰਚ ਦੇ ਸੂਬਾਈ ਆਗੂ ਮਹੀਪਾਲ ਨੇ ਕਿਹਾ ਕਿ 28 ਅਕਤੂਬਰ ਨੂੰ ਸੂਬੇ ਦੇ ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮੁਲਾਜ਼ਮਾਂ ਨੂੰ ਥਰਮਲ ਹਰ ਹਾਲਤ 'ਚ ਚਲਦਾ ਰੱਖਣ ਦਾ ਦਿੱਤਾ ਗਿਆ ਭਰੋਸਾ ਨਿਰੋਲ ਝੂਠ ਨਿਕਲਿਆ ਅਤੇ ਉਸੇ ਭਰੋਸੇ ਦੇ ਚੌਥੇ ਦਿਨ ਹੀ ਮੁਲਾਜ਼ਮਾਂ ਨੇ ਪੁਲੀਸ ਨੇ ਹੱਡ ਭੰਨ ਸੁੱਟੇ।
ਇਸ ਦੌਰਾਨ ਜ਼ਿਲ੍ਹੇ ਦਾ ਆਗੂਆਂ ਮਿੱਠੂ ਸਿੰਘ ਘੁੱਦਾ, ਦਰਸ਼ਨ ਸਿੰਘ ਫੁੱਲੋਮਿੱਠੀ, ਗੁਰਜੰਟ ਸਿੰਘ, ਹਰਮੀਤ ਸਿੰਘ, ਗੁਰਦੀਪ ਸਿੰਘ ਬਰਾੜ, ਸੁਖਮੰਦਰ ਸਿੰਘ ਧਾਰੀਵਲ, ਮੱਖਣ ਸਿੰਘ ਖਣਗਵਾਲ ਨੇ ਮੁਲਾਜ਼ਮ ਘੋਲ ਨੂੰ ਹਰ ਸੰਭਵ ਇਮਦਾਦ ਦੇਣ ਦਾ ਐਲਾਨ ਕੀਤਾ ਹੈ।

Sunday, 23 October 2016

ਜੇਪੀਐਮਓ ਵਲੋਂ ਥਰਮਲ ਪਲਾਂਟ ਦੇ ਗੇਟ ਅੱਗੇ ਕੀਤੀ ਜਾ ਰਹੀ ਰੈਲੀ ਨੂੰ ਸਮਰਥਨ ਦੇਣ ਦਾ ਐਲਾਨ

ਬਠਿੰਡਾ, 23 ਅਕਤੂਬਰ - ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮੰਚ ਦੀਆਂ ਭਾਈਵਾਲ ਜਥੇਬੰਦੀਆਂ ਦੀਆਂ ਬਠਿੰਡਾ ਜ਼ਿਲ੍ਹਾ ਇਕਾਈਆਂ, ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਮੁਲਾਜ਼ਮਾਂ ਦੇ ਇਸ ਥਰਮਲ ਨੂੰ ਸਰਕਾਰ ਵਲੋਂ ਪੱਕੇ ਤੌਰ 'ਤੇ ਬੰਦ ਕੀਤੇ ਜਾਣ ਤੋਂ ਰੋਕਣ ਲਈ ਚੱਲ ਰਹੇ ਨਿਆਂਈ ਘੋਲ ਨੂੰ ਹਰ ਪੱਖੋਂ ਸਮਰਥਨ ਦੇਣ ਦਾ ਐਲਾਨ ਕਰਦੀਆਂ ਹੋਈਆਂ ਉਕਤ ਕੜੀ ਵਜੋਂ 27 ਅਕਤੂਬਰ ਨੂੰ ਬਾਅਦ ਦੁਪਹਿਰ ਥਰਮਲ ਗੇਟ ਮੂਹਰੇ ਕੀਤੀ ਜਾ ਰਹੀ ਰੋਸ ਰੈਲੀ 'ਚ ਵੱਧ ਚੜ੍ਹ ਕੇ ਸ਼ਾਮਲ ਹੋਣਗੀਆਂ।
ਇਹ ਜਾਣਕਾਰੀ ਅੱਜ ਇਕ ਲਿਖਤੀ ਬਿਆਨ ਰਾਹੀਂ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਤਲਵੰਡੀ ਸਾਬੋ (ਦਿਹਾਤੀ ਮਜ਼ਦੂਰ ਸਭਾ), ਜਸਪਾਲ ਸਿੰਘ ਪਾਲੀ (ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ), ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ (ਜਮਹੂਰੀ ਕਿਸਾਨ ਸਭਾ), ਗੁਰਜੰਟ ਸਿੰਘ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਗੁਰਦੀਪ ਸਿੰਘ ਬਰਾੜ ਅਤੇ ਹੰਸ ਰਾਜ ਬੀਜਵਾ (ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ-1406, 22ਬੀ ਚੰਡੀਗੜ੍ਹ), ਸਤਪਾਲ ਗੋਇਲ (ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ) ਮੱਖਣ ਸਿੰਘ ਖਣਗਵਾਲ (ਸੂਬਾਈ ਆਗੂ ਸੀਵਰੇਜ਼ ਬੋਰਡ), ਮੇਜਰ ਸਿੰਘ ਦਾਦੂ (ਥਰਮਲ ਲਹਿਰਾ ਮੁਹੱਬਤ), ਗੁਰਦੀਪ ਸਿੰਘ ਧਾਲੀਵਾਲ (ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ) ਆਦਿ ਨੇ ਸਾਂਝੇ ਤੌਰ 'ਤੇ ਦਿੰਦਿਆ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਉਹ ਥਰਮਲਾਂ ਦਾ ਭੋਗ ਪਾਉਣ ਦੀ ਨੀਤੀ ਛੱਡ ਕੇ ਤੁਰੰਤ ਕੱਢੇ ਕਾਮੇ ਬਹਾਲ ਕਰੇ ਅਤੇ ਸਾਰਿਆਂ ਦੇ ਹਿੱਤਾਂ ਦੀ ਰਾਖੀ ਲਈ ਥਰਮਲ ਦੇ ਸਾਰੇ ਯੂਨਿਟ ਪੂਰੀ ਸਮਰਥਾ ਨਾਲ ਚਲਾਵੇ।
ਜਾਰੀ ਕਰਤਾ
ਸਤਪਾਲ ਗੋਇਲ ਕਨਵੀਨਰ
ਜੇਪੀਐਮਓ ਬਠਿੰਡਾ
94631-43392

Saturday, 22 October 2016

ਜਗਤਜੀਤ ਇੰਡਸਟਰੀਜ ਹਮੀਰਾ ਦੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ

ਜਲੰਧਰ, 22 ਅਕਤੂਬਰ - ਜਗਤਜੀਤ ਇੰਡਸਟਰੀਜ ਲਿਮਟਿਡ ਹਮੀਰਾ ਦੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (jpmo) ਵਲੋਂ ਜਗਤਜੀਤ ਇੰਡਸਟਰੀਜ ਹਮੀਰਾ ਦੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀ ਮੰਚ ਦੇ ਸੂਬਾਈ ਕਨਵੀਨਰਾਂ ਕੁਲਵੰਤ ਸਿੰਘ ਸੰਧੂ (ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ), ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ ਦਿਹਾਤੀ ਮਜਦੂਰ ਸਭਾ), ਪਰਗਟ ਸਿੰਘ ਜਾਮਰਾਏ (ਜਨਰਲ ਸਕੱਤਰ ਆਬਾਦਕਾਰ ਸੰਘਰਸ਼ ਕਮੇਟੀ), ਇੰਦਰਜੀਤ ਗਰੇਵਾਲ (ਪ੍ਰਧਾਨ ਸੀਟੀਯੂ ਪੰਜਾਬ), ਸਤੀਸ਼ ਰਾਣਾ (ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ), ਜਸਵਿੰਦਰ ਸਿੰਘ ਢੇਸੀ (ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਦਲਜੀਤ ਸਿੰਘ ਡਵੀਜ਼ਨਲ ਸਕੱਤਰ (ਐੱਨ ਆਰ ਐੱਮ ਯੂ) ਨੇ ਕਿਹਾ ਕਿ ਮੈਨਜਮੈਂਟ ਕਿਰਤੀਆਂ ਦੀਆਂ ਹੱਕੀ ਮੰਗਾਂ ਮੰਨਣ ਪ੍ਰਤੀ ਗੈਰਵਾਜਬ ਜਿਦ ਫੜੀ ਬੈਠੀ ਹੈ ਅਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਬਣਿਆ ਕਿਰਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਗੂਆਂ ਨੇ ਇਸ ਗੱਲ 'ਤੇ ਸਖਤ ਇਤਰਾਜ ਪਰਗਟ ਕੀਤਾ ਕਿ ਮਜਦੂਰਾਂ ਦੇ ਸੰਵਿਧਾਨਕ ਘੋਲ ਨੂੰ ਅਮਨ ਕਾਨੂੰਨ ਦੀ ਰਾਖੀ ਦੇ ਭਰਮਾਉ ਪਰਦੇ ਹੇਠ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ ਜੇ ਮਜਦੂਰਾਂ ਨੇ ਸੱਦਾ ਦਿੱਤਾ ਤਾਂ ਮੰਚ ਦੀਆਂ ਭਾਈਵਾਲ ਜਥੇਬੰਦੀਆ ਪੂਰੀ ਸ਼ਕਤੀ ਨਾਲ ਉਨ੍ਹਾਂ ਦੀ ਹਮਾਇਤ 'ਚ ਮਿਲ ਗੇਟ 'ਤੇ ਅਤੇ ਹੋਰਨੀਂ ਥਾਈਂ ਪੁੱਜਣਗੀਆ। ਇਸ ਦੌਰਾਨ ਮੰਚ ਦੇ ਸਹਿਯੋਗੀ ਸੰਗਠਨਾਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ, ਜਨਵਾਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਅਜੇ ਫਿਲੌਰ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਅਰਸਾਲ ਸਿੰਘ ਸੰਧੂ ਨੇ ਵੀ ਉਕਤ ਫੈਸਲੇ ਪ੍ਰਤੀ ਪੂਰੀ ਯਕਜਹਿਤੀ ਦਾ ਪ੍ਰਗਟਾਵਾਂ ਕਰਦਿਆ ਹਰ ਐਕਸ਼ਨ 'ਚ ਵੱਧ ਚੜ ਕੇ ਪੁੱਜਣ ਦਾ ਐਲਾਨ ਕੀਤਾ ਹੈ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਭਨਾ ਕਿਰਤੀਆਂ, ਅਗਾਹਵਧੂ ਤੇ ਸੰਗਰਾਮੀ ਲੋਕਾਂ ਨੂੰ ਮਿਲ ਦੇ ਕਾਮਿਆਂ ਦੇ ਹੱਕ 'ਚ ਡਟਣ ਦੀ ਅਪੀਲ ਕੀਤੀ ਹੈ।

Wednesday, 19 October 2016

ਗੁਰੂ ਨਾਨਕ ਥਰਮਲ ਦੇ ਮੁਲਾਜ਼ਮ ਸੰਘਰਸ਼ ਦਾ ਜੇਪੀਐੱਮਓ ਵਲੋਂ ਮੁਕੰਮਲ ਸਮਰਥਨ

ਬਠਿੰਡਾ ਰੈਲੀ 'ਚ ਸ਼ਾਮਲ ਹੋਣ ਦਾ ਐਲਾਨ

 
ਜਲੰਧਰ, 19 ਅਕਤੂਬਰ - ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ ਪੀ ਐੱਮ ਓ) ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਥਰਮਲ ਬਚਾਉਣ ਲਈ ਲੜੇ ਜਾ ਰਹੇ ਸੰਗਰਾਮ ਦੀ ਮੁਕੰਮਲ ਹਮਾਇਤ ਦਾ ਐਲਾਨ ਕੀਤਾ ਹੈ। ਇਥੋਂ ਜਾਰੀ ਇੱਕ ਬਿਆਨ ਰਾਹੀਂ ਮੰਚ ਦੇ ਸੂਬਾਈ ਕਨਵੀਨਰਾਂ ਸਰਵ ਸਾਥੀ ਕੁਲਵੰਤ ਸਿੰਘ ਸੰਧੂ (ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ), ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ), ਪਰਗਟ ਸਿੰਘ ਜਾਮਰਾਏ (ਜਨਰਲ ਸਕੱਤਰ ਆਬਾਦਕਾਰ ਸੰਘਰਸ਼ ਕਮੇਟੀ), ਸਤੀਸ਼ ਰਾਣਾ (ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ), ਜਸਵਿੰਦਰ ਸਿੰਘ ਢੇਸੀ (ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਦਲਜੀਤ ਸਿੰਘ ਡਵੀਜ਼ਨਲ ਸਕੱਤਰ (ਐੱਨ ਆਰ ਐੱਮ ਯੂ) ਨੇ ਐਲਾਨ ਕੀਤਾ ਕਿ ਮੰਚ ਦੇ ਕਾਰਕੁਨ 20 ਅਕਤੂਬਰ ਨੂੰ ਥਰਮਲ ਬਠਿੰਡਾ ਦੇ ਗੇਟ ਮੂਹਰੇ ਹੋ ਰਹੀ ਸਾਂਝੀ ਰੈਲੀ ਵਿੱਚ ਵੱਧ-ਚੜ੍ਹ ਕੇ ਪੁੱਜਣਗੇ।
ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਅਦਾ ਕੀਤੇ ਗਏ ਟੈਕਸਾਂ ਰਾਹੀਂ 1970 'ਚ ਉਸਰੇ ਉਕਤ ਥਰਮਲ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ। ਇਹ ਥਰਮਲ ਸੂਬੇ ਨੂੰ ਬਿਜਲੀ ਪੈਦਾਵਾਰ ਦੇ ਮਾਮਲੇ 'ਚ ਆਤਮ-ਨਿਰਭਰ ਬਣਾਉਣ 'ਚ ਮੁੱਖ ਸਾਧਨ ਬਣਿਆ ਹੈ। ਇਸ ਰਾਹੀਂ ਲੱਖਾਂ ਲੋਕਾਂ ਨੂੰ ਸਿੱਧਾ-ਅਸਿੱਧਾ ਰੋਜ਼ਗਾਰ ਮਿਲਿਆ ਹੈ, ਜਿਸ ਨੇ ਅੱਗੋਂ ਸ਼ਹਿਰ ਦੇ ਸਰਵਪੱਖੀ ਵਿਕਾਸ 'ਚ ਯੋਗਦਾਨ ਪਾਇਆ। ਹਾਲ ਹੀ ਵਿੱਚ ਇਸ ਦੇ ਆਧੁਨਿਕੀਕਰਨ 'ਤੇ ਕਰੀਬ ਤਿੰਨ ਸੌ ਕਰੋੜ ਰੁਪਏ ਖ਼ਰਚ ਕੇ ਇਸ ਦੀ ਮਿਆਦ ਸੰਨ 2021-22 ਤੱਕ ਵਧਾਈ ਜਾ ਚੁੱਕੀ ਹੈ। ਅੱਜ ਵੀ ਇਸ ਥਰਮਲ 'ਚ ਕੱਚੇ ਪੱਕੇ ਰਲਾ ਕੇ ਤਿੰਨ ਹਜ਼ਾਰ ਦੇ ਕਰੀਬ ਮੁਲਾਜ਼ਮ ਹਨ।
ਪਰ ਸੂਬਾ ਹਕੂਮਤ ਇੱਕ ਡੂੰਘੀ ਸਾਜ਼ਿਸ਼ ਅਧੀਨ ਇਸ ਥਰਮਲ ਨੂੰ ਬੰਦ ਕਰਨਾ ਚਾਹੁੰਦੀ ਹੈ। ਜੇ ਪੀ ਐੱਮ ਓ ਆਗੂਆਂ ਨੇ ਕਿਹਾ ਕਿ ਲੋਕ ਜਾਨਣਾ ਚਾਹੁੰਦੇ ਹਨ ਕਿ ਥਰਮਲ ਨੂੰ ਪੂਰੀ ਸਮਰੱਥਾ ਨਾਲ ਨਾ ਚਲਾ ਕੇ ਜਾਂ ਬੰਦ ਕਰਕੇ ਇਸ ਥਰਮਲ ਵੱਲੋਂ ਪੈਦਾ ਹੁੰਦੀ ਬਿਜਲੀ ਦੇ ਖਰਚੇ ਨਾਲੋਂ ਮਹਿੰਗੀ ਬਿਜਲੀ ਨਿੱਜੀ ਕੰਪਨੀਆਂ ਤੋਂ ਖ਼ਰੀਦ ਕੇ ਅਕਾਲੀ-ਭਾਜਪਾ ਸਰਕਾਰ ਕਿਸ ਦੇ ਹਿੱਤ ਸਾਧਨਾ ਚਾਹੁੰਦੀ ਹੈ?
ਉਨ੍ਹਾਂ ਦੋਸ਼ ਲਾਇਆ ਕਿ ਥਰਮਲ ਬੰਦ ਕਰਨ ਪਿੱਛੇ ਇੱਕ ਕੋਝੀ ਮਨਸ਼ਾ ਇਸ ਦੀ ਹਜ਼ਾਰਾਂ ਏਕੜ ਜ਼ਮੀਨ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਦੇ ਹਵਾਲੇ ਕਰਨਾ ਵੀ ਹੈ। ਆਗੂਆਂ ਕਿਹਾ ਕਿ ਥਰਮਲ ਬੰਦ ਹੋਣ 'ਤੇ ਖੁਸੇ ਰੋਜ਼ਗਾਰ ਕਾਰਨ ਸ਼ਹਿਰੀ ਕਾਰੋਬਾਰ 'ਤੇ ਅਤਿ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਕਿਸ ਹੱਦ ਤੱਕ ਤਬਾਹਕੁਨ ਹਨ। ਮੰਚ ਦੇ ਆਗੂਆਂ ਨੇ ਸਭਨਾਂ ਸੰਘਰਸ਼ਸ਼ੀਲ, ਅਗਾਂਹਵਧੂ, ਦੇਸ਼ ਭਗਤਕ ਧਿਰਾਂ ਨੂੰ ਉਕਤ ਸੰਘਰਸ਼ ਦੇ ਸਮਰਥਨ 'ਚ ਨਿੱਤਰਨ ਅਤੇ 20 ਅਕਤੂਬਰ ਨੂੰ ਥਰਮਲ ਬਠਿੰਡਾ ਦੇ ਗੇਟ ਮੂਹਰੇ ਹੋ ਰਹੀ ਰੈਲੀ ਵਿੱਚ ਵਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ। ਇਸੇ ਦੌਰਾਨ ਜਨਵਾਦੀ ਇਸਤਰੀ ਸਭਾ ਦੇ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਸੰਧੂ ਨੇ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਸਾਥੀ ਅਜੈ ਫਿਲੌਰ ਨੇ ਵੀ ਉਕਤ ਘੋਲ ਨੂੰ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

welcome