Saturday, 19 November 2016

ਜੇਪੀਐਮਓ ਵਲੋਂ ਥਰਮਲ ਕਾਮਿਆਂ ਦੀ ਰੈਲੀ ’ਚ ਸ਼ਾਮਲ ਹੋਣ ਦਾ ਐਲਾਨ

ਜਲੰਧਰ, 19 ਨਵੰਬਰ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਨੇ 22 ਨਵੰਬਰ ਨੂੰ ਥਰਮਲ ਕਾਮਿਆਂ ਵਲੋਂ ਕੀਤੀ ਜਾ ਰੈਲੀ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮੰਚ ’ਚ ਸ਼ਾਮਲ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ, ਐਨਆਰਐਮਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ, ਬਾਰਡਰ ਏਰੀਆ ਸੰਘਰਸ਼ ਕਮੇਟੀ, ਮੰਡ-ਬੇਟ ਆਬਾਦਕਰ ਸੰਘਰਸ਼ ਕਮੇਟੀ, ਨਰਮਾ ਪੱਟੀ ਸੰਘਰਸ਼ ਕਮੇਟੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਹੋਰ ਅਨੇਕਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਅਤੇ ਵਰਕਰ ਬਠਿੰਡਾ ਵਿਖੇ 22 ਨਵੰਬਰ ਨੂੰ ਹੋ ਰਹੀ ਥਰਮਲ ਕਾਮਿਆਂ ਦੀ ਰੈਲੀ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ। ਇਹ ਫੈਸਲਾ ਅੱਜ ਉਕਤ ਜਥੇਬੰਦੀਆਂ ਦੀ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕਤੱਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ’ਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਥਰਮਲ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦਾ ਸਾਂਝਾ ਫੋਰਮ ਕੱਢੇ ਹੋਏ ਠੇਕਾ ਕਰਮਚਾਰੀ ਬਹਾਲ ਕਰਵਾਉਣ ਅਤੇ ਥਰਮਲ ਬੰਦ ਕਰਨ ਦੀ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਸਾਜਿਸ਼ ਫ਼ੇਲ੍ਹ ਕਰਨ ਲਈ ਸੰਗਰਾਮ ਦੇ ਮੈਦਾਨ ਵਿਚ ਨਿਤਰੇ ਹਨ ਅਤੇ ਮੰਚ ਨੇ ਉਨ੍ਹਾਂ ਦੇ ਹੱਕੀ ਸੰਗਰਾਮ ਨੂੰ ਹਰ ਪੱਖੋਂ ਸਹਿਯੋਗ ਦੇਣ ਦੇ ਫ਼ੈਸਲਾ ਕੀਤਾ ਹੈ।
ਮੀਟਿੰਗ ’ਚ ਸਾਥੀ ਸ਼ਿਵ ਦੱਤ, ਵੇਦ ਪ੍ਰਕਾਸ਼ ਸ਼ਰਮਾ, ਨੀਲਮ ਘੁਮਾਣ, ਪਰਗਟ ਸਿੰਘ ਜਾਮਾਰਾਏ, ਅਰਸਾਲ ਸਿੰਘ ਸੰਧੂ, ਗੰਗਾ ਪ੍ਰਸ਼ਾਦ, ਸ਼ਿਵ ਕੁਮਾਰ ਪਠਾਨਕੋਟ, ਇੰਦਰਜੀਤ ਗਰੇਵਾਲ, ਜਸਵਿੰਦਰ ਸਿੰਘ ਢੇਸੀ, ਅਜੈ ਫਿਲੌਰ, ਦਰਸ਼ਨ ਨਾਹਰ ਆਦਿ ਆਗੂ ਸ਼ਾਮਲ ਸਨ।

No comments:

Post a Comment