Wednesday, 19 October 2016

ਗੁਰੂ ਨਾਨਕ ਥਰਮਲ ਦੇ ਮੁਲਾਜ਼ਮ ਸੰਘਰਸ਼ ਦਾ ਜੇਪੀਐੱਮਓ ਵਲੋਂ ਮੁਕੰਮਲ ਸਮਰਥਨ

ਬਠਿੰਡਾ ਰੈਲੀ 'ਚ ਸ਼ਾਮਲ ਹੋਣ ਦਾ ਐਲਾਨ

 
ਜਲੰਧਰ, 19 ਅਕਤੂਬਰ - ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ ਪੀ ਐੱਮ ਓ) ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਥਰਮਲ ਬਚਾਉਣ ਲਈ ਲੜੇ ਜਾ ਰਹੇ ਸੰਗਰਾਮ ਦੀ ਮੁਕੰਮਲ ਹਮਾਇਤ ਦਾ ਐਲਾਨ ਕੀਤਾ ਹੈ। ਇਥੋਂ ਜਾਰੀ ਇੱਕ ਬਿਆਨ ਰਾਹੀਂ ਮੰਚ ਦੇ ਸੂਬਾਈ ਕਨਵੀਨਰਾਂ ਸਰਵ ਸਾਥੀ ਕੁਲਵੰਤ ਸਿੰਘ ਸੰਧੂ (ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ), ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ), ਪਰਗਟ ਸਿੰਘ ਜਾਮਰਾਏ (ਜਨਰਲ ਸਕੱਤਰ ਆਬਾਦਕਾਰ ਸੰਘਰਸ਼ ਕਮੇਟੀ), ਸਤੀਸ਼ ਰਾਣਾ (ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ), ਜਸਵਿੰਦਰ ਸਿੰਘ ਢੇਸੀ (ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਦਲਜੀਤ ਸਿੰਘ ਡਵੀਜ਼ਨਲ ਸਕੱਤਰ (ਐੱਨ ਆਰ ਐੱਮ ਯੂ) ਨੇ ਐਲਾਨ ਕੀਤਾ ਕਿ ਮੰਚ ਦੇ ਕਾਰਕੁਨ 20 ਅਕਤੂਬਰ ਨੂੰ ਥਰਮਲ ਬਠਿੰਡਾ ਦੇ ਗੇਟ ਮੂਹਰੇ ਹੋ ਰਹੀ ਸਾਂਝੀ ਰੈਲੀ ਵਿੱਚ ਵੱਧ-ਚੜ੍ਹ ਕੇ ਪੁੱਜਣਗੇ।
ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਅਦਾ ਕੀਤੇ ਗਏ ਟੈਕਸਾਂ ਰਾਹੀਂ 1970 'ਚ ਉਸਰੇ ਉਕਤ ਥਰਮਲ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ। ਇਹ ਥਰਮਲ ਸੂਬੇ ਨੂੰ ਬਿਜਲੀ ਪੈਦਾਵਾਰ ਦੇ ਮਾਮਲੇ 'ਚ ਆਤਮ-ਨਿਰਭਰ ਬਣਾਉਣ 'ਚ ਮੁੱਖ ਸਾਧਨ ਬਣਿਆ ਹੈ। ਇਸ ਰਾਹੀਂ ਲੱਖਾਂ ਲੋਕਾਂ ਨੂੰ ਸਿੱਧਾ-ਅਸਿੱਧਾ ਰੋਜ਼ਗਾਰ ਮਿਲਿਆ ਹੈ, ਜਿਸ ਨੇ ਅੱਗੋਂ ਸ਼ਹਿਰ ਦੇ ਸਰਵਪੱਖੀ ਵਿਕਾਸ 'ਚ ਯੋਗਦਾਨ ਪਾਇਆ। ਹਾਲ ਹੀ ਵਿੱਚ ਇਸ ਦੇ ਆਧੁਨਿਕੀਕਰਨ 'ਤੇ ਕਰੀਬ ਤਿੰਨ ਸੌ ਕਰੋੜ ਰੁਪਏ ਖ਼ਰਚ ਕੇ ਇਸ ਦੀ ਮਿਆਦ ਸੰਨ 2021-22 ਤੱਕ ਵਧਾਈ ਜਾ ਚੁੱਕੀ ਹੈ। ਅੱਜ ਵੀ ਇਸ ਥਰਮਲ 'ਚ ਕੱਚੇ ਪੱਕੇ ਰਲਾ ਕੇ ਤਿੰਨ ਹਜ਼ਾਰ ਦੇ ਕਰੀਬ ਮੁਲਾਜ਼ਮ ਹਨ।
ਪਰ ਸੂਬਾ ਹਕੂਮਤ ਇੱਕ ਡੂੰਘੀ ਸਾਜ਼ਿਸ਼ ਅਧੀਨ ਇਸ ਥਰਮਲ ਨੂੰ ਬੰਦ ਕਰਨਾ ਚਾਹੁੰਦੀ ਹੈ। ਜੇ ਪੀ ਐੱਮ ਓ ਆਗੂਆਂ ਨੇ ਕਿਹਾ ਕਿ ਲੋਕ ਜਾਨਣਾ ਚਾਹੁੰਦੇ ਹਨ ਕਿ ਥਰਮਲ ਨੂੰ ਪੂਰੀ ਸਮਰੱਥਾ ਨਾਲ ਨਾ ਚਲਾ ਕੇ ਜਾਂ ਬੰਦ ਕਰਕੇ ਇਸ ਥਰਮਲ ਵੱਲੋਂ ਪੈਦਾ ਹੁੰਦੀ ਬਿਜਲੀ ਦੇ ਖਰਚੇ ਨਾਲੋਂ ਮਹਿੰਗੀ ਬਿਜਲੀ ਨਿੱਜੀ ਕੰਪਨੀਆਂ ਤੋਂ ਖ਼ਰੀਦ ਕੇ ਅਕਾਲੀ-ਭਾਜਪਾ ਸਰਕਾਰ ਕਿਸ ਦੇ ਹਿੱਤ ਸਾਧਨਾ ਚਾਹੁੰਦੀ ਹੈ?
ਉਨ੍ਹਾਂ ਦੋਸ਼ ਲਾਇਆ ਕਿ ਥਰਮਲ ਬੰਦ ਕਰਨ ਪਿੱਛੇ ਇੱਕ ਕੋਝੀ ਮਨਸ਼ਾ ਇਸ ਦੀ ਹਜ਼ਾਰਾਂ ਏਕੜ ਜ਼ਮੀਨ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਦੇ ਹਵਾਲੇ ਕਰਨਾ ਵੀ ਹੈ। ਆਗੂਆਂ ਕਿਹਾ ਕਿ ਥਰਮਲ ਬੰਦ ਹੋਣ 'ਤੇ ਖੁਸੇ ਰੋਜ਼ਗਾਰ ਕਾਰਨ ਸ਼ਹਿਰੀ ਕਾਰੋਬਾਰ 'ਤੇ ਅਤਿ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਕਿਸ ਹੱਦ ਤੱਕ ਤਬਾਹਕੁਨ ਹਨ। ਮੰਚ ਦੇ ਆਗੂਆਂ ਨੇ ਸਭਨਾਂ ਸੰਘਰਸ਼ਸ਼ੀਲ, ਅਗਾਂਹਵਧੂ, ਦੇਸ਼ ਭਗਤਕ ਧਿਰਾਂ ਨੂੰ ਉਕਤ ਸੰਘਰਸ਼ ਦੇ ਸਮਰਥਨ 'ਚ ਨਿੱਤਰਨ ਅਤੇ 20 ਅਕਤੂਬਰ ਨੂੰ ਥਰਮਲ ਬਠਿੰਡਾ ਦੇ ਗੇਟ ਮੂਹਰੇ ਹੋ ਰਹੀ ਰੈਲੀ ਵਿੱਚ ਵਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ। ਇਸੇ ਦੌਰਾਨ ਜਨਵਾਦੀ ਇਸਤਰੀ ਸਭਾ ਦੇ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਸੰਧੂ ਨੇ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਸਾਥੀ ਅਜੈ ਫਿਲੌਰ ਨੇ ਵੀ ਉਕਤ ਘੋਲ ਨੂੰ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

No comments:

Post a Comment