ਜਲੰਧਰ, 22 ਅਕਤੂਬਰ - ਜਗਤਜੀਤ ਇੰਡਸਟਰੀਜ ਲਿਮਟਿਡ ਹਮੀਰਾ ਦੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (jpmo) ਵਲੋਂ ਜਗਤਜੀਤ ਇੰਡਸਟਰੀਜ ਹਮੀਰਾ ਦੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀ ਮੰਚ ਦੇ ਸੂਬਾਈ ਕਨਵੀਨਰਾਂ ਕੁਲਵੰਤ ਸਿੰਘ ਸੰਧੂ (ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ), ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ ਦਿਹਾਤੀ ਮਜਦੂਰ ਸਭਾ), ਪਰਗਟ ਸਿੰਘ ਜਾਮਰਾਏ (ਜਨਰਲ ਸਕੱਤਰ ਆਬਾਦਕਾਰ ਸੰਘਰਸ਼ ਕਮੇਟੀ), ਇੰਦਰਜੀਤ ਗਰੇਵਾਲ (ਪ੍ਰਧਾਨ ਸੀਟੀਯੂ ਪੰਜਾਬ), ਸਤੀਸ਼ ਰਾਣਾ (ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ), ਜਸਵਿੰਦਰ ਸਿੰਘ ਢੇਸੀ (ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਦਲਜੀਤ ਸਿੰਘ ਡਵੀਜ਼ਨਲ ਸਕੱਤਰ (ਐੱਨ ਆਰ ਐੱਮ ਯੂ) ਨੇ ਕਿਹਾ ਕਿ ਮੈਨਜਮੈਂਟ ਕਿਰਤੀਆਂ ਦੀਆਂ ਹੱਕੀ ਮੰਗਾਂ ਮੰਨਣ ਪ੍ਰਤੀ ਗੈਰਵਾਜਬ ਜਿਦ ਫੜੀ ਬੈਠੀ ਹੈ ਅਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਬਣਿਆ ਕਿਰਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਗੂਆਂ ਨੇ ਇਸ ਗੱਲ 'ਤੇ ਸਖਤ ਇਤਰਾਜ ਪਰਗਟ ਕੀਤਾ ਕਿ ਮਜਦੂਰਾਂ ਦੇ ਸੰਵਿਧਾਨਕ ਘੋਲ ਨੂੰ ਅਮਨ ਕਾਨੂੰਨ ਦੀ ਰਾਖੀ ਦੇ ਭਰਮਾਉ ਪਰਦੇ ਹੇਠ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ ਜੇ ਮਜਦੂਰਾਂ ਨੇ ਸੱਦਾ ਦਿੱਤਾ ਤਾਂ ਮੰਚ ਦੀਆਂ ਭਾਈਵਾਲ ਜਥੇਬੰਦੀਆ ਪੂਰੀ ਸ਼ਕਤੀ ਨਾਲ ਉਨ੍ਹਾਂ ਦੀ ਹਮਾਇਤ 'ਚ ਮਿਲ ਗੇਟ 'ਤੇ ਅਤੇ ਹੋਰਨੀਂ ਥਾਈਂ ਪੁੱਜਣਗੀਆ। ਇਸ ਦੌਰਾਨ ਮੰਚ ਦੇ ਸਹਿਯੋਗੀ ਸੰਗਠਨਾਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ, ਜਨਵਾਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਅਜੇ ਫਿਲੌਰ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਅਰਸਾਲ ਸਿੰਘ ਸੰਧੂ ਨੇ ਵੀ ਉਕਤ ਫੈਸਲੇ ਪ੍ਰਤੀ ਪੂਰੀ ਯਕਜਹਿਤੀ ਦਾ ਪ੍ਰਗਟਾਵਾਂ ਕਰਦਿਆ ਹਰ ਐਕਸ਼ਨ 'ਚ ਵੱਧ ਚੜ ਕੇ ਪੁੱਜਣ ਦਾ ਐਲਾਨ ਕੀਤਾ ਹੈ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਭਨਾ ਕਿਰਤੀਆਂ, ਅਗਾਹਵਧੂ ਤੇ ਸੰਗਰਾਮੀ ਲੋਕਾਂ ਨੂੰ ਮਿਲ ਦੇ ਕਾਮਿਆਂ ਦੇ ਹੱਕ 'ਚ ਡਟਣ ਦੀ ਅਪੀਲ ਕੀਤੀ ਹੈ।
No comments:
Post a Comment