Wednesday, 8 March 2017

ਜਨਵਾਦੀ ਇਸਤਰੀ ਸਭਾ ਨੇ 'ਮਹਿਲਾ ਅਧਿਕਾਰ ਦਿਵਸ' ਵਜੋਂ ਮਨਾਇਆ ਕੌਮਾਂਤਰੀ ਮਹਿਲਾ ਦਿਵਸ

ਜਲੰਧਰ, 8 ਮਾਰਚ - ''ਅੱਜ ਅਸੀਂ ਇਕ ਅਜਿਹੇ ਦੌਰ 'ਚੋਂ ਲੰਘ ਰਹੇ ਹਾਂ ਜਿਸ ਵਿਚ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਕਿਤੇ ਵਧੇਰੇ ਮੁਸ਼ਕਿਲ ਹੋ ਗਈ ਹੈ। ਬਰਾਬਰਤਾ ਦੀ ਗੱਲ ਤਾਂ ਦੂਰ, ਘਰੋਂ ਬਾਹਰ ਨਿਕਲਣਾ ਵੀ ਮੌਤ ਨੂੰ ਆਵਾਜ਼ਾਂ ਮਾਰਨ ਦੇ ਬਰਾਬਰ ਹੋ ਗਿਆ ਹੈ। ਅਜਿਹੇ ਮਾਹੌਲ 'ਚ ਅਧਿਕਾਰਾਂ ਦੀ ਪ੍ਰਾਪਤੀ ਇਕ ਸ਼ਕਤੀਸ਼ਾਲੀ ਜਥੇਬੰਦਕ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਤੇ ਇਹ ਕਾਰਜ ਇਕ ਲੜਾਕੂ ਜਥੇਬੰਦੀ ਤੋਂ ਬਿਨਾਂ ਨਹੀਂ ਹੋ ਸਕਦਾ, ਜਿਹੜੀ ਕਿ ਔਰਤਾਂ ਦੀ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀ ਕਰਨ ਦੇ ਸਮਰੱਥ ਹੋਵੇ।'' ਇਹ ਗੱਲ ਅੱਜ ਇੱਥੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਹੋਈ ਇਕ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕਹੀ।
'ਮਹਿਲਾ ਅਧਿਕਾਰ ਦਿਵਸ' ਦੇ ਨਾਂਅ ਹੇਠ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਕੰਪਲੈਕਸ 'ਚ ਕੀਤੀ ਗਈ ਇਸ ਵਿਸ਼ਾਲ ਕਾਨਫਰੰਸ ਵਿਚ ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ਔਰਤਾਂ ਨੇ ਹਿੱਸਾ ਲਿਆ। ਜਥੇਬੰਦੀ ਦੀ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਕੌਰ ਪਲਾਸੀ, ਖਜ਼ਾਨਚੀ ਕਾਮਰੇਡ ਬਿਮਲਾ ਦੇਵੀ, ਉਪ ਪ੍ਰਧਾਨ ਕਾਮਰੇਡ ਜਸਬੀਰ ਕੌਰ ਤਰਨ ਤਾਰਨ ਤੇ ਅਜੀਤ ਕੌਰ ਕੋਟ ਰਜ਼ਾਦਾ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਹੋਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਇਤਿਹਾਸਕ ਪਿਛੋਕੜ, ਔਰਤਾਂ ਦੇ ਅਧਿਕਾਰਾਂ ਅਤੇ ਮੌਜੂਦਾ ਹਾਲਾਤ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾ ਕਿਹਾ ਕਿ ਇਸ ਵਾਰ ਦਾ ਮਹਿਲਾ ਦਿਵਸ ਉਸ ਮਾਹੌਲ 'ਚ ਮਨਾਇਆ ਜਾ ਰਿਹਾ ਹੈ ਜਦੋਂ ਦੁਨੀਆਂ ਦੇ  ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦਾ ਰਾਸ਼ਟਰਪਤੀ ਇਕ ਅਜੇਹਾ ਵਿਅਕਤੀ ਚੁਣਿਆ ਗਿਆ ਹੈ ਜਿਹੜਾ ਔਰਤਾਂ ਲਈ ਸਿਰੇ ਦੀ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਸ਼ਰੇਆਮ ਵਰਤਦਾ ਹੈ। ਉਸਦੇ ਸਹੁੰ ਚੁੱਕ ਸਮਾਗਮ ਵੇਲੇ 20 ਜਨਵਰੀ ਨੂੰ ਅਮਰੀਕਾ ਸਮੇਤ ਦੁਨੀਆਂ ਭਰ 'ਚ, ਖਾਸਕਰ ਯੂਰਪ 'ਚ ਵਿਸ਼ਾਲ ਰੋਸ ਮੁਜ਼ਾਹਰੇ ਹੋਏ ਸਨ ਅਤੇ ਅੱਜ ਦੇ ਦਿਨ ਵੀ ਹੋ ਰਹੇ ਹਨ। ਉਨ੍ਹਾ ਕਿਹਾ ਕਿ ਸਾਡੇ ਆਪਣੇ ਦੇਸ਼ ਭਾਰਤ ਵਿਚ ਸੰਘ ਪਰਿਵਾਰ ਤੇ ਕੇਂਦਰ 'ਚ ਵਿਰਾਜਮਾਨ ਮੋਦੀ ਸਰਕਾਰ ਇਕ ਅਜਿਹੇ ਸਭਿਆਚਾਰ ਦੀ ਅਲੰਬਰਦਾਰ ਬਣੀ ਹੋਈ ਹੈ ਜਿਹੜਾ ਜਾਤਪਾਤ ਨੂੰ ਕਾਇਮ ਰੱਖਣ ਦੇ ਨਾਲ ਨਾਲ ਔਰਤ ਨੂੰ ਮਰਦ ਦੀ ਦਾਸੀ ਸਮਝਦਾ ਹੈ।
ਉਨ੍ਹਾ ਕਿਹਾ ਕਿ ਔਰਤਾਂ ਲਈ ਮਰਦਾਂ ਨਾਲ ਬਰਾਬਰਤਾ ਦਾ ਅਧਿਕਾਰ ਸਭ ਤੋਂ ਪ੍ਰਮੁੱਖ ਅਧਿਕਾਰ ਹੈ। ਸੰਸਾਰ ਭਰ ਵਿਚ ਜਿੱਥੇ ਵੀ ਔਰਤ ਨੂੰ ਮੌਕਾ ਮਿਲਿਆ ਹੈ, ਉਸ ਨੇ ਹਰ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਰਾਜਨੀਤੀ ਤੋਂ ਲੈ ਕੇ ਖੇਡਾਂ, ਅਧਿਆਪਨ, ਪ੍ਰਸ਼ਾਸਨ, ਸਿਹਤ ਸੇਵਾਵਾਂ, ਵਿਗਿਆਨਕ ਖੋਜ, ਸਾਹਿਤ ਤੇ ਪੁਲਾੜ ਦੀ ਖੋਜ ਦੇ ਖੇਤਰ ਤੱਕ ਔਰਤਾਂ ਨੇ ਧੁੰਮਾਂ ਪਾਈਆਂ ਹਨ ਪਰ ਸਾਡੇ ਦੇਸ਼ ਅੰਦਰ ਔਰਤਾਂ ਨੂੰ ਕਿਧਰੇ ਵੀ ਸਿੱਖਣ ਸਿਖਾਉਣ ਦੇ ਬਰਾਬਰ ਮੌਕੇ ਨਹੀਂ ਮਿਲੇ। ਵੋਟ ਦਾ ਅਧਿਕਾਰ ਤਾਂ ਮਿਲ ਗਿਆ ਪਰ 33 ਫੀਸਦੀ ਰਾਖਵੇਂਕਰਨ ਤੋਂ ਅਜੇ ਵੀ ਇਨਕਾਰ ਕੀਤਾ ਜਾ ਰਿਹਾ ਹੈ। ਦੂਰ ਦੁਰਾਡੇ ਇਕੱਲਿਆਂ ਰਹਿਣ ਦੀ ਗੱਲ ਤਾਂ ਕੀ, ਵੇਲੇ ਕੁਵੇਲੇ ਘਰੋਂ ਬਾਹਰ ਨਿਕਲਣਾ ਵੀ ਮੌਤ ਨੂੰ ਆਵਾਜ਼ਾਂ ਮਾਰਨ ਬਰਾਬਰ ਬਣ ਚੁੱਕਾ ਹੈ। ਦਿਨ ਦੀਵੀਂ ਬਲਾਤਕਾਰ ਇਕ ਆਮ ਗੱਲ ਹੋ ਗਈ ਹੈ।  ਕਾਨੂੂੰਨੀ ਵਿਵਸਥਾ ਦੀਆਂ ਕਮਜ਼ੋਰੀਆਂ ਕਾਰਨ ਹਰ ਥਾਂ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਜੇ ਕੋਈ ਔਰਤ ਕਿਸੇ ਮੁੱਦੇ 'ਤੇ ਬੋਲਣ ਦਾ ਹੌਂਸਲਾ ਕਰਦੀ ਹੈ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉਸ ਉਪਰ ਹਮਲੇ ਕੀਤੇ ਜਾਂਦੇ ਹਨ ਤੇ ਬਲਾਤਕਾਰ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਸੰਦਰਭ 'ਚ ਉਨ੍ਹਾ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੀ ਮਿਸਾਲ ਦਿੱਤੀ ਜਿਸਨੂੰ ਸੰਘ ਪਰਿਵਾਰ ਨਾਲ ਸਬੰਧਤ ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਹੇਠਲੇ ਪੱਧਰ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਸ ਕਾਨਫਰੰਸ ਨੂੰ ਕੰਵਲਜੀਤ ਕੌਰ ਅੰਮ੍ਰਿਤਸਰ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਆਗੂ ਸੀਮਾ ਦੇਵੀ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਆਗੂ ਹਰਮਨਪ੍ਰੀਤ ਕੌਰ ਫਰੀਦਕੋਟ, ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਸੁਖਵਿੰਦਰ ਕੌਰ, ਪੰਜਾਬ ਇਸਤਰੀ ਸਭਾ ਦੀ ਆਗੂ ਕਮਲਜੀਤ ਕੌਰ ਤੋਂ ਬਿਨਾਂ ਮਿਡ ਡੇ ਮੀਲ ਵਰਕਰਜ਼ ਯੂਨੀਅਨ ਤੇ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭਨਾਂ ਕਾਨੂੂੰਨੀ ਰੋਕਾਂ ਦੇ ਬਾਵਜੂਦ ਲਗਾਤਾਰ ਜਾਰੀ ਭਰੂਣ ਹੱਤਿਆ ਅਤੇ ਬੱਚੀ ਦੇ ਜਨਮ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀ ਘਰੇਲੂ ਹਿੰਸਾ ਦਾ ਜ਼ਿਕਰ ਕਰਦਿਆਂ ਇਨ੍ਹਾਂ ਸਮਾਜਿਕ ਲਾਹਨਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਕੰਮ ਵਾਲੀਆਂ ਥਾਵਾਂ 'ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਔਰਤ ਦੀ ਘਰੇਲੂ ਪਰਿਵਾਰਕ ਕਿਰਤ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ, ਜੇ ਉਹ ਘਰੋਂ ਬਾਹਰ ਕੰਮ ਕਰਨ ਲਈ ਨਿਕਲਦੀ ਹੈ ਤਾਂ ਉਸਦਾ ਆਰਥਿਕ ਸ਼ੋਸ਼ਣ ਬਹੁਤ ਹੀ ਬੇਤਰਸੀ ਨਾਲ ਕੀਤਾ ਜਾਂਦਾ ਹੈ ਅਤੇ ਸਰਕਾਰ ਖ਼ੁਦ ਇਸ ਬੇਤਰਸ ਲੁੱਟ ਦਾ ਮਾਡਲ ਪੇਸ਼ ਕਰਦੀ ਹੈ। ਇਸ ਸਬੰਧ ਵਿਚ ਉਨ੍ਹਾਂ ਆਂਗਣਵਾੜੀ, ਆਸ਼ਾ ਵਰਕਰਜ਼, ਮਿਡ ਡੇ ਮੀਲ ਵਰਕਰਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਮੁਸ਼ੱਕਤ ਦੀ 10 ਤੋਂ 20 ਫੀਸਦੀ ਉਜਰਤ ਵੀ ਨਹੀਂ ਮਿਲਦੀ। ਇਸ ਲਈ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੇ ਅਧਿਕਾਰ ਨੂੰ ਲਾਗੂ ਕਰਵਾਉਣਾ ਇਕ ਵੱਡੀ ਚੁਣੌਤੀ ਹੈ।
ਇਸ ਕਾਨਫਰੰਸ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਇਸ ਇਤਿਹਾਸਕ ਦਿਹਾੜੇ 'ਤੇ ਜਨਵਾਦੀ ਇਸਤਰੀ ਸਭਾ ਵਲੋਂ ਕੀਤੀ ਗਈ ਇਸ ਸਫਲ ਵਿਸ਼ਾਲ ਕਾਨਫਰੰਸ ਦੀ ਸਰਾਹਨਾ ਕੀਤੀ। ਉਨ੍ਹਾ ਕਿਹਾ ਕਿ ਅਧਿਕਾਰਾਂ ਦੀ ਪ੍ਰਾਪਤੀ ਜਥੇਬੰਦਕ ਸੰਘਰਸ਼ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਔਰਤਾਂ ਲਈ ਜਥੇਬੰਦਕ ਸੰਘਰਸ਼ ਤਾਂ ਸਭ ਤੋਂ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਨਾਲ ਜੰਮਣ ਤੋਂ ਲੈ ਕੇ ਮਰਨ ਤੱਕ ਪੈਰ-ਪੈਰ 'ਤੇ ਵਿਤਕਰਾ ਹੁੰਦਾ ਹੈ। ਕਾਮਰੇਡ ਪਾਸਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਬਰਾਬਰਤਾ ਦੀ ਮੁਦੱਈ ਹੈ ਅਤੇ ਇਸ ਸੇਧ ਵਿਚ ਕੀਤੇ ਗਏ ਹਰ ਜਥੇਬੰਦਕ ਸੰਘਰਸ਼ ਵਿਚ ਹਮੇਸ਼ਾ ਉਨ੍ਹਾਂ ਦੇ ਅੰਗ ਸੰਗ ਰਹੇਗੀ।
ਇਸ ਕਾਨਫਰੰਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਸਕੱਤਰ ਕਾਮਰੇਡ ਰਘਬੀਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਇਸ ਸ਼ਾਨਦਾਰ ਉਪਰਾਲੇ ਲਈ ਕਮੇਟੀ ਵਲੋਂ ਵਧਾਈ ਦਿੱਤੀ। ਕਾਨਫਰੰਸ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੇ ਸਮਰਥਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਖੇਧੀ ਕਰਦੇ ਮਤੇ ਵੀ ਪਾਸ ਕੀਤੇ।
ਕਾਨਫਰੰਸ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਇਕ ਮੰਗ ਪੱਤਰ ਜਲੰਧਰ ਡਵੀਜਨ ਦੇ ਕਮਿਸ਼ਨਰ ਨੂੰ ਸੌਂਪਿਆ ਗਿਆ ਜਿਸ ਵਿਚ ਔਰਤਾਂ ਤੇ ਬੱਚੀਆਂ 'ਤੇ ਵੱਧ ਰਹੇ ਹਿੰਸਕ ਤੇ ਲਿੰਗਕ ਹਮਲਿਆਂ ਨੂੰ ਰੋਕਣ ਵਾਸਤੇ ਪੁਲਸ ਤੇ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕਰਦੇ ਸਖਤ ਤੋਂ ਸਖਤ ਕਾਨੂੰਨ ਬਣਾਉਣ, ਘਰੇਲੂ ਮਜ਼ਦੂਰ ਔਰਤਾਂ ਦੇ ਹੱਕਾਂ ਵਾਸਤੇ 'ਘਰੇਲੂ ਮਜ਼ਦੂਰ ਬੋਰਡ' ਦਾ ਗਠਨ ਕਰਨ, ਸਰਕਾਰੀ ਵਿਭਾਗਾਂ 'ਚ ਮਾਣ ਭੱਤੇ 'ਤੇ ਕੰਮ ਕਰਦੀਆਂ ਔਰਤਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇਣ ਤੇ ਯੋਗਤਾ ਅਨੁਸਾਰ ਗੁਜ਼ਾਰੇਯੋਗ ਤਨਖਾਹਾਂ ਯਕੀਨੀ ਬਣਾਉਣ, ਮਨਰੇਗਾ ਮਜ਼ਦੂਰ ਔਰਤਾਂ ਲਈ ਘੱਟੋ ਘੱਟ 200 ਦਿਨ ਦੇ ਰੁਜ਼ਗਾਰ ਦੀ ਗਰੰਟੀ ਅਤੇ ਦਿਹਾੜੀ ਵਧਾ ਕੇ 500 ਰੁਪਏ ਕਰਨ ਆਦਿ ਮੰਗਾਂ ਦਰਜ ਹਨ।
 
ਜਾਰੀ ਕਰਤਾ 
(ਨੀਲਮ ਘੁਮਾਣ) 98761-35448


No comments:

Post a Comment